ਨਸ਼ਾ ਤੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਪਿੰਡ ਵਾਸੀਆਂ ਦੀ ਮਦਦ ਨਾਲ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ-ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼
Publish Date: Fri, 27 Nov 2026 08:51 PM (IST)
Updated Date: Fri, 27 Nov 2026 08:52 PM (IST)
ਪਿੰਡ ਵਾਸੀਆਂ ਦੀ ਮਦਦ ਨਾਲ ਜਲੰਧਰ ਦਿਹਾਤੀ ਪੁਲਿਸ ਨੇ ਅਮਰੀਕਾ ਬੈਠੇ ਤਸਕਰ ਨਾਲ ਜੁੜਿਆ ਰੈਕੇਟ ਕੀਤਾ ਬੇਨਕਾਬ ਇਕ ਗ੍ਰਿਫ਼ਤਾਰ, 12 ਕਿੱਲੋ ਹੈਰੋਇਨ ਤੇ 4 ਪਿਸਤੌਲ ਬਰਾਮਦ ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ : ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਕੁੱਲ 12 ਕਿੱਲੋ ਹੈਰੋਇਨ, 4 ਪਿਸਤੌਲ, 5 ਜ਼ਿੰਦਾ ਕਾਰਤੂਸ, ਇੱਕ ਆਈਫੋਨ ਤੇ ਆਈਪੈਡ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸ ਦੀ ਬਲੈਰੋ ਗੱਡੀ ਵੀ ਜ਼ਬਤ ਕੀਤੀ ਗਈ ਹੈ। ਐੱਸਐੱਸਪੀ ਜਲੰਧਰ ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪ੍ਰਭਦੀਪ ਸਿੰਘ ਉਰਫ਼ ਪ੍ਰਭ ਵਾਸੀ ਪਿੰਡ ਅਵਾਣ ਚੁਹਾਰਮੀ ਵਜੋਂ ਹੋਈ ਹੈ। 26 ਨਵੰਬਰ ਨੂੰ ਪਿੰਡ ਚੱਕ ਵੇਂਡਲ ਦੇ ਵਸਨੀਕਾਂ ਨੇ ਉਸ ਨੂੰ 2 ਕਿੱਲੋ ਹੈਰੋਇਨ ਤੇ ਪਿਸਤੌਲਾਂ ਸਮੇਤ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ। ਪੁਲਿਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੀ ਹਵੇਲੀ ’ਚ ਬਾਲਣ ਦੇ ਢੇਰ ਹੇਠਾਂ ਲੁਕਾਈ 10 ਕਿੱਲੋ ਹੋਰ ਹੈਰੋਇਨ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ। ਇਸ ਤਰ੍ਹਾਂ ਕੁੱਲ 12 ਕਿੱਲੋ ਹੈਰੋਇਨ ਤੇ 4 ਪਿਸਤੌਲ ਬਰਾਮਦ ਹੋਏ। ਐੱਸਐੱਸਪੀ ਅਨੁਸਾਰ ਮੁੱਢਲੀ ਜਾਂਚ ’ਚ ਇਸ ਰੈਕੇਟ ਦੇ ਤਾਰ ਅਮਰੀਕਾ ਰਹਿੰਦੇ ਨਵਜੋਤ ਸਿੰਘ ਉਰਫ਼ ਗੈਰੀ ਨਾਲ ਜੁੜੇ ਹੋਣ ਦਾ ਖੁਲਾਸਾ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਤਿੰਨ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਖੇਪ ’ਚ 14 ਕਿੱਲੋ ਹੈਰੋਇਨ ਤੇ 6 ਪਿਸਤੌਲ ਸਨ, ਜਿਨ੍ਹਾਂ ’ਚੋਂ ਬਾਕੀ 2 ਕਿੱਲੋ ਹੈਰੋਇਨ ਤੇ 2 ਪਿਸਤੌਲਾਂ ਦੀ ਬਰਾਮਦਗੀ ਲਈ ਜਾਂਚ ਜਾਰੀ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਐੱਸਐੱਸਪੀ ਨੇ ਪਿੰਡ ਵਾਸੀਆਂ ਦੀ ਚੌਕਸੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ’ਚ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਰਾਹੀਂ ਬਣਾਈ ਜਾਇਦਾਦ ਵੀ ਕਾਨੂੰਨ ਅਨੁਸਾਰ ਜ਼ਬਤ ਕੀਤੀ ਜਾਵੇਗੀ। ਇਸ ਸਬੰਧੀ ਥਾਣਾ ਸਦਰ ਨਕੋਦਰ ਵਿਖੇ ਐੱਨਡੀਪੀਐੱਸ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।