ਨਰਿੰਦਰ ਥਾਪਰ ਦੇ ਤਿੰਨਾਂ ਪੁੱਤਰਾਂ ਨੇ ਕੀਤਾ ਆਤਮ-ਸਮਰਪਣ (ਲੱਕੀ ਠਾਕੁਰ ੳਰਫ ਖੋਖਾ ਕਤਲ ਕਾਂਡ)
Publish Date: Fri, 27 Nov 2026 08:14 PM (IST)
Updated Date: Fri, 27 Nov 2026 08:16 PM (IST)
ਲੱਕੀ ਠਾਕੁਰ ਉਰਫ ਖੋਖਾ ਕਤਲ ਕਾਂਡ ਕੀਤਾ ਦਾਅਵਾ, ਉਨ੍ਹਾਂ ਦੇ ਪਿਤਾ ਨੂੰ ਕਤਲ ਬਾਰੇ ਕੁਝ ਨਹੀਂ ਪਤਾ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਪ੍ਰਾਪਰਟੀ ਡੀਲਰ ਲੱਕੀ ਠਾਕੁਰ ਉਰਫ ‘ਲੱਕੀ ਖੋਖਾ’ ਦੇ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਨਰਿੰਦਰ ਥਾਪਰ ਦੇ ਤਿੰਨਾਂ ਪੁੱਤਰਾਂ ਰਾਮ ਕ੍ਰਿਸ਼ਨ ਥਾਪਰ, ਰਜਤ ਥਾਪਰ ਤੇ ਰਿਤਿਕ ਥਾਪਰ ਨੇ ਸ਼ੁੱਕਰਵਾਰ ਸ਼ਾਮ ਥਾਣਾ ਡਵੀਜ਼ਨ ਨੰਬਰ 4 ਵਿਖੇ ਆਤਮ-ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਪੁਲਿਸ ਨੇ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਸੀ। ਸ਼ਨਿਚਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਡੀਸੀਪੀ ਆਦਿੱਤਿਆ ਐੱਸ ਵਾਰੀਅਰ ਨੇ ਇਸ ਕਾਰਵਾਈ ਦੇ ਵੇਰਵੇ ਤੇ ਕਤਲ ਪਿੱਛੇ ਮੌਜੂਦ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਡੀਸੀਪੀ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਸ਼ੱਕੀਆਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਤਕਨੀਕੀ ਸੁਰਾਗਾਂ ਤੇ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਸੀਆਈਏ ਦੇ ਅਮਲੇ ਨੇ ਮੁੱਖ ਮੁਲਜ਼ਮਾਂ ਨਰਿੰਦਰ ਥਾਪਰ ਤੇ ਦੀਪਕ ਰਾਣਾ ਨੂੰ ਫਤਹਿਗੜ੍ਹ ਸਾਹਿਬ ਤੋਂ ਕਾਬੂ ਕੀਤਾ ਸੀ। ਇਸ ਤੋਂ ਇਲਾਵਾ ਜਲੰਧਰ ’ਚ ਗੁਡੀਆ ਨਾਮਕ ਇਕ ਔਰਤ ਨੂੰ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਛੇਵੇਂ ਸ਼ੱਕੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ। ਕਤਲ ਦੇ ਕਾਰਨਾਂ ’ਤੇ ਚਾਨਣਾ ਪਾਉਂਦੇ ਹੋਏ ਡੀਸੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਲੱਕੀ ਠਾਕੁਰ ਦੇ ਪੁੱਤਰ ਅਤੇ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਦੇ ਪੁੱਤਰ ਰਾਮ ਕ੍ਰਿਸ਼ਨ ਵਿਚਾਲੇ ਪਹਿਲਾਂ ਗੂੜ੍ਹੀ ਦੋਸਤੀ ਸੀ। ਬਾਅਦ ’ਚ ਦੋਵਾਂ ਵਿਚਾਲੇ ਅਣਬਣ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਦੋਸਤੀ ਟੁੱਟ ਗਈ। ਦੋਵਾਂ ਨੌਜਵਾਨਾਂ ਵਿਚਕਾਰ ਹੋਇਆ ਇਹ ਨਿੱਜੀ ਵਿਵਾਦ ਹੌਲੀ-ਹੌਲੀ ਡੂੰਘੀ ਦੁਸ਼ਮਣੀ ’ਚ ਬਦਲ ਗਿਆ, ਜਿਸ ਕਾਰਨ ਦੋਵਾਂ ਪਰਿਵਾਰਾਂ ਵਿਚਾਲੇ ਤਣਾਅ ਪੈਦਾ ਹੋ ਗਿਆ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਪਰਿਵਾਰਕ ਰੰਜਿਸ਼ ਨੂੰ ਹੀ ਕਤਲ ਦਾ ਮੁੱਖ ਕਾਰਨ ਮੰਨ ਰਹੀ ਹੈ। ਇਸ ਦੌਰਾਨ ਮ੍ਰਿਤਕ ਲੱਕੀ ਠਾਕੁਰ ਦੇ ਪਰਿਵਾਰ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਇਆ ਸੀ ਕਿ ਨਰਿੰਦਰ ਥਾਪਰ ਦੇ ਪਰਿਵਾਰ ਨਾਲ ਇਹ ਵਿਵਾਦ ਨਸ਼ਿਆਂ ਨਾਲ ਜੁੜੇ ਮਾਮਲਿਆਂ ਕਾਰਨ ਸ਼ੁਰੂ ਹੋਇਆ ਸੀ। ਪਰਿਵਾਰ ਦਾ ਦਾਅਵਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਪਿਛਲੇ ਛੇ-ਸੱਤ ਮਹੀਨਿਆਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਦਾ ਮੁੱਖ ਕਾਰਨ ਇਹ ਦੋਸ਼ ਸਨ ਕਿ ਲੱਕੀ ਦੇ ਪੁੱਤਰ ਨੂੰ ਨਸ਼ਿਆਂ ਦੀ ਲਤ ’ਚ ਧੱਕਿਆ ਗਿਆ ਸੀ। ਇਸ ਸਬੰਧੀ ਪਹਿਲਾਂ ਹੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਇਹ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਨਸ਼ਿਆਂ ਨਾਲ ਜੁੜੇ ਪਹਿਲੂ ਬਾਰੇ ਪੁੱਛਿਆ ਗਿਆ ਤਾਂ ਡੀਸੀਪੀ ਨੇ ਸਪੱਸ਼ਟ ਕੀਤਾ ਕਿ ਪੁਲਿਸ ਇਸ ਪਹਿਲੂ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੀ ਤੇ ਮਾਮਲੇ ਦੇ ਹਰ ਵੇਰਵੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। --------------------------------- ਅਪਰਾਧਿਕ ਰਿਕਾਰਡਾਂ ਦੀ ਜਾਂਚ, ਪੁਲਿਸ ਸੁਰੱਖਿਆ ਵਾਪਸ ਲਈ ਗਈ ਤੇ ਲਾਇਸੰਸ ਰੱਦ ਕਰਨ ਦੀ ਕਾਰਵਾਈ ਸ਼ੁਰੂ ਡੀਸੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਦੋਵਾਂ ਧਿਰਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਸਾਹਮਣੇ ਆਏ ਹਨ। ਗ੍ਰਿਫ਼ਤਾਰ ਕੀਤੇ ਗਏ ਸ਼ਿਵ ਸੈਨਾ ਆਗੂ ਨਰਿੰਦਰ ਥਾਪਰ ਵਿਰੁੱਧ ਪਹਿਲਾਂ ਹੀ 12 ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਮ੍ਰਿਤਕ ਲੱਕੀ ਠਾਕੁਰ ਵਿਰੁੱਧ ਵੀ 6 ਮਾਮਲੇ ਦਰਜ ਸਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਨਰਿੰਦਰ ਥਾਪਰ ਨੂੰ ਦਿੱਤੀ ਗਈ ਸਰਕਾਰੀ ਪੁਲਿਸ ਸੁਰੱਖਿਆ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਹੈ। ਇਸ ਤੋਂ ਇਲਾਵਾ ਉਸ ਦੇ ਹਥਿਆਰ ਦੇ ਲਾਇਸੰਸ ਨੂੰ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਕਰੀਬ 8:30 ਵਜੇ ਲੱਕੀ ਠਾਕੁਰ ਮਖਦੂਮਪੁਰਾ ਸਥਿਤ ਇਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਉਨ੍ਹਾਂ ਨੂੰ ਘੇਰ ਲਿਆ ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਦਰਿੰਦਗੀ ਦਿਖਾਉਂਦੇ ਹੋਏ ਹਮਲਾਵਰਾਂ ਨੇ ਉਨ੍ਹਾਂ ਦੇ ਹੱਥਾਂ ਦੀਆਂ ਉਂਗਲਾਂ ਵੀ ਵੱਢ ਦਿੱਤੀਆਂ ਤੇ ਫਿਰ ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਬਾਅਦ ’ਚ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਭਰਾ ਮਨਮੋਹਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਨਰਿੰਦਰ ਥਾਪਰ, ਉਸ ਦੇ ਪੁੱਤਰ ਰਾਮ ਕ੍ਰਿਸ਼ਨ, ਰਿਤਿਕ, ਮੰਥਨ, ਦੀਪਕ ਰਾਣਾ, ਰੰਜਮ ਥਾਪਰ ਤੇ ਹੋਰ ਅਣਪਛਾਤੇ ਹਮਲਾਵਰਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਫਰਾਰ ਚੱਲ ਰਹੇ ਬਾਕੀ ਸ਼ੱਕੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।