ਪੰਜਾਬ ’ਚ ਸਰਕਾਰ ਬਣਾਏਗੀ ਬਸਪਾ, ਸੂਬੇ ਨੂੰ ਕਰੇਗੀ ਨਸ਼ੇ, ਕਰਜ਼ੇ ਤੇ ਬੇਰੁਜ਼ਗਾਰੀ ਤੋਂ ਮੁਕਤ : ਆਕਾਸ਼ ਆਨੰਦ ਪੰਜਾਬ ’ਚ ਸਰਕਾਰ ਬਣਾਏਗੀ ਬਸਪਾ, ਸੂਬੇ ਨੂੰ ਕਰੇਗੀ ਨਸ਼ੇ, ਕਰਜ਼ੇ ਤੇ ਬੇਰੁਜ਼ਗਾਰੀ ਤੋਂ ਮੁਕਤ : ਆਕਾਸ਼ ਆਨੰਦ
Publish Date: Thu, 26 Nov 2026 07:30 PM (IST)
Updated Date: Thu, 26 Nov 2026 07:31 PM (IST)
ਸੰਵਿਧਾਨ ਦਿਵਸ ’ਤੇ ਬਸਪਾ ਦੀ ਇਤਿਹਾਸਕ ਰੈਲੀ, ਫਿਲੌਰ ’ਚ ਠਾਠਾਂ ਮਾਰਦਾ ਇਕੱਠ ਹਰ ਘਰ ਰੁਜ਼ਗਾਰ ਦੇਵੇਗੀ ਬਸਪਾ ਸਰਕਾਰ : ਰਾਮਜੀ ਗੌਤਮ ਕਾਂਗਰਸ, ਅਕਾਲੀ-ਭਾਜਪਾ ਤੇ ‘ਆਪ’ ਦੇ ਰਾਜ ’ਚ 2 ਲੱਖ ਲੋਕ ਨਸ਼ਿਆਂ ਨਾਲ ਮਰ ਗਏ : ਡਾ. ਕਰੀਮਪੁਰੀ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਸੰਵਿਧਾਨ ਦਿਵਸ ਮੌਕੇ ਫਿਲੌਰ ਵਿਖੇ ਕਰਵਾਈ ਗਈ ਸੂਬਾ ਪੱਧਰੀ ‘ਪੰਜਾਬ ਸੰਭਾਲੋ’ ਰੈਲੀ ’ਚ ਭਾਰੀ ਇਕੱਠ ਹੋਇਆ। ਰੈਲੀ ਰਾਹੀਂ ਪਾਰਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਸਪਾ ਦੇ ਕੌਮੀ ਕਨਵੀਨਰ ਆਕਾਸ਼ ਆਨੰਦ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਬਸਪਾ ਪੰਜਾਬ ਵਿੱਚ ਸਰਕਾਰ ਬਣਾਏਗੀ ਅਤੇ ਸੂਬੇ ਨੂੰ ਨਸ਼ਿਆਂ, ਕਰਜ਼ੇ ਤੇ ਬੇਰੁਜ਼ਗਾਰੀ ਤੋਂ ਮੁਕਤ ਕਰੇਗੀ। ਆਕਾਸ਼ ਆਨੰਦ ਨੇ ਕਾਂਗਰਸ, ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਨਸ਼ਾ ਖ਼ਤਮ ਕਰਨ, ਬੇਰੁਜ਼ਗਾਰੀ ਦੂਰ ਕਰਨ, ਬੇਅਦਬੀ ਦੇ ਮਾਮਲਿਆਂ ਵਿੱਚ ਇਨਸਾਫ਼ ਦੇਣ ਅਤੇ ਸਿਹਤ ਤੇ ਸਿੱਖਿਆ ਸਹੂਲਤਾਂ ਸੁਧਾਰਨ ਦੇ ਵਾਅਦੇ ਕੀਤੇ, ਪਰ ਲੋਕਾਂ ਦੀਆਂ ਉਮੀਦਾਂ ’ਤੇ ਖਰੀਆਂ ਨਹੀਂ ਉਤਰੀਆਂ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਫੈਲਾਅ, ਅਸੁਰੱਖਿਆ ਅਤੇ ਬੇਰੁਜ਼ਗਾਰੀ ਗੰਭੀਰ ਸਮੱਸਿਆਵਾਂ ਬਣੀਆਂ ਹੋਈਆਂ ਹਨ, ਜਿਸ ਕਾਰਨ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬਸਪਾ ਸਰਕਾਰ ਬਣਨ ’ਤੇ ਉੱਤਰ ਪ੍ਰਦੇਸ਼ ਵਿੱਚ ਮਾਇਆਵਤੀ ਸਰਕਾਰ ਦੇ ਵਿਕਾਸ ਮਾਡਲ ਦੀ ਤਰਜ਼ ’ਤੇ ਪੰਜਾਬ ਵਿੱਚ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਬਸਪਾ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਸਪਾ ਦੇ ਮੁੱਖ ਸੈਕਟਰ ਇੰਚਾਰਜ ਇੰਜੀਨੀਅਰ ਰਾਮਜੀ ਗੌਤਮ ਨੇ ਕਿਹਾ ਕਿ ਪਾਰਟੀ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਹਰ ਘਰ ਤੱਕ ਰੁਜ਼ਗਾਰ ਪਹੁੰਚਾਇਆ ਜਾਵੇਗਾ। ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਸਰਕਾਰ ਬਣਨ ’ਤੇ ਮੁਫ਼ਤ ਸਿੱਖਿਆ ਦਾ ਕਾਨੂੰਨ ਲਾਗੂ ਕਰਨ, ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦੇਣ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਹੋਰਨਾਂ ਸਰਕਾਰਾਂ ’ਤੇ ਨਸ਼ਿਆਂ ਦੇ ਮਾਮਲੇ ਵਿੱਚ ਅਸਫਲ ਰਹਿਣ ਦੇ ਦੋਸ਼ ਵੀ ਲਗਾਏ। ਰੈਲੀ ਦੀ ਪ੍ਰਧਾਨਗੀ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਮੌਕੇ ਐਡਵੋਕੇਟ ਸੁਰੇਸ਼ ਰਾਓ, ਵਿਪੁਲ ਕੁਮਾਰ, ਵਿਧਾਇਕ ਡਾ. ਨਛੱਤਰ ਪਾਲ ਸਮੇਤ ਪਾਰਟੀ ਦੇ ਕਈ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।