- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਨਗਰ ਕੀਰਤਨ ਸਜਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਰਾਈ ਵਾਲ ਬੇਟ ਦੀ ਵਸਨੀਕ ਨਾਨਕ ਨਾਮਲੇਵਾ ਸਾਧ ਸੰਗਤ ਵੱਲੋਂ ਪਹਿਲੀ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ’ਚ ਫੁੱਲਾਂ ਲੱਦੀ ਬੱਸ ਵਿਚ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ, ਜੋ ਸਾਬੂ ਵਾਲ, ਲੋਹੀਆਂ ਖ਼ਾਸ, ਵਾੜਾ ਬੁੱਧ ਸਿੰਘ ਤੇ ਦੀਪੇ ਵਾਲ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨ ਪੁਰ ਲੋਧੀ ਵਿਖੇ ਪਹੁੰਚ ਕੇ ਸੰਪੰਨ ਹੋਇਆ। ਨਗਰ ਕੀਰਤਨ ’ਚ ਪਿੰਡ ਦੇ ਵਸਨੀਕ ਆਪੋ-ਆਪਣੀਆਂ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਪੁੱਜੇ। ਇਕ ਟਰਾਲੀ ’ਤੇ ਸਵਾਰ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾ ਰਿਹਾ ਸੀ। ਪੁਰਾਣੇ ਜ਼ਮਾਨੇ ’ਚ ਆਪਣੀ ਪ੍ਰਭੂਸੱਤਾ ਦਾ ਪ੍ਰਤੀਕ ਨਗਾਰਾ ਵਜਾਇਆ ਜਾ ਰਿਹਾ ਸੀ ਜਦ’ਕਿ ਹਰ ਟਰਾਲੀ ਤੇ ਗੁਰਬਾਣੀ ਦੇ ਸ਼ਬਦ ਗੂੰਜ ਰਹੇ ਸਨ। ਟਰਾਲੀਆਂ ’ਤੇ ਸਵਾਰ ਬੀਬੀਆਂ ਦੇ ਜੱਥੇ ਵੱਲੋਂ ਢੋਲਕੀ, ਚਿਮਟੇ ਤੇ ਛੈਣਿਆਂ ਨਾਲ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ। ਸਥਾਨਕ ਥਾਣੇ ਦੇ ਮੂਹਰਿਓਂ ਲੰਘਦਿਆਂ ਵੇਲੇ ਥਾਣੇ ਦੇ ਮੁਲਾਜ਼ਮਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਇਆ ਤੇ ਗਗਨਦੀਪ ਸਿੰਘ ਐੱਚਸੀ ਵੱਲੋਂ ਨਗਰ ਕੀਰਤਨ ਵਿਚ ਸ਼ਾਮਲ ਪਤਵੰਤਿਆਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ ਤੇ ਉਨ੍ਹਾਂ ਵੱਲੋਂ ਵੀ ਮੁਲਾਜ਼ਮਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੀਰਤਨ ਦੇ ਸਾਰੇ ਰਸਤੇ ’ਤੇ ਲੋਕਾਂ ਵੱਲੋਂ ਚਾਹ, ਪਕੌੜਿਆਂ, ਫ਼ਲਾਂ ਤੇ ਪ੍ਰਸ਼ਾਦਿਆਂ ਦੇ ਲੰਗਰ ਲਗਾਏ ਹੋਏ ਸਨ। ਨਗਰ ਕੀਰਤਨ ’ਚ ਸ਼ਾਮਲ ਪਤਵੰਤਿਆਂ ਚੋਂ ਤਲਵਿੰਦਰ ਸਿੰਘ ਹੈੱਡ ਗ੍ਰੰਥੀ ਸ੍ਰੀ ਗੁਰਦੁਆਰਾ ਸਾਹਿਬ, ਦਿਲਬਾਗ ਸਿੰਘ, ਸਰਬਜੀਤ ਸਿੰਘ ਸਰਪੰਚ, ਅਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਪਿਆਰਾ ਸਿੰਘ, ਮੋਹਣ ਸਿੰਘ, ਜਰਨੈਲ ਸਿੰਘ, ਸਰਬਜੀਤ ਸਿੰਘ, ਜੁਗਿੰਦਰ ਸਿੰਘ, ਨਿਰਮਲ ਸਿੰਘ ਨਿੰਮਾ, ਰਛਪਾਲ ਸਿੰਘ ਸੈਹੰਬੀ ਤੇ ਗੁਰਵਿੰਦਰ ਸਿੰਘ ਦੇ ਨਾਮ ਵਿਸ਼ੇਸ਼ ਵਰਨਣਯੋਗ ਹਨ।