- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਗ ਸਾਹਬੂ ਵਿਖੇ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਦੌਰਾਨ 577 ਮਰੀਜ਼ਾਂ ਦੀ ਹੋਈ ਜਾਂਚ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇੱਥੋਂ ਨੇੜਲੇ ਪਿੰਡ ਕੰਗ ਸਾਹਬੂ ਵਿਖੇ ਐੱਨਆਰਆਈ ਵੈੱਲਫੇਅਰ ਸੁਸਾਇਟੀ ਕੰਗ ਸਾਹਬੂ ਵੱਲੋਂ ਐੱਨਆਰਆਈਜ਼ ਭਰਾਵਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਤੇ ਸੰਗਤ ਦੇ ਸਹਿਯੋਗ ਨਾਲ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ। ਇਸ ਕੈਂਪ ’ਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ ਕੁੱਲ 577 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਵੰਡੀਆਂ। ਇਸ ਮੈਡੀਕਲ ਕੈਂਪ ’ਚ ਅੱਖਾਂ ਦੇ ਰੋਗਾਂ ਦੇ ਮਾਹਿਰ, ਹੱਡੀਆਂ ਦੇ ਰੋਗਾਂ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ, ਮੈਮੋਗ੍ਰਾਫੀ ਮਾਹਿਰ ਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਡਾਕਟਰੀ ਸਲਾਹ ਦਿੱਤੀ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਅੱਖਾਂ ਦੀਆਂ ਦਵਾਈਆਂ ਵੀ ਵੰਡੀਆਂ। ਇਸ ਤੋਂ ਇਲਾਵਾ ਮਰਦਾਂ ਦੇ ਗਦੂਦਾਂ (ਪ੍ਰੋਸਟੇਟ) ਸਬੰਧੀ ਟੈਸਟ, ਸ਼ੂਗਰ ਦੀ ਜਾਂਚ, ਲੋੜਵੰਦ ਮਰੀਜ਼ਾਂ ਦੇ ਈਸੀਜੀ ਟੈਸਟ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਖੂਨ ਦੇ ਟੈਸਟ ਵੀ ਮੁਫ਼ਤ ਕੀਤੇ ਗਏ। ਇਸ ਉਪਰਾਲੇ ਨਾਲ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਦੀਆਂ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਹੋਇਆ। ਇਸ ਮੌਕੇ ਡਾ. ਤੇਜਿੰਦਰ ਕੁਮਾਰ, ਡਾ. ਅੰਬੋਜ ਸੂਦ, ਡਾ. ਨਰਿੰਦਰ ਪਾਲ ਸਿੰਘ ਐੱਮਡੀ, ਇਸ਼ਵੀਰ ਸਿੰਘ ਮੈਂਬਰ ਪੰਚਾਇਤ, ਭਗਵੰਤ ਸਿੰਘ ਸਾਬਕਾ ਸਰਪੰਚ, ਦਵਿੰਦਰ ਕੁਮਾਰ ਜੱਸਲ ਸਾਬਕਾ ਸਰਪੰਚ, ਹਰਪਿੰਦਰ ਸਿੰਘ ਖਾਲਸਾ ਤੇ ਬਲਜੀਤ ਸਿੰਘ ਯੂਕੇ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਅੱਜ ਦੇ ਰੁਝੇਵਿਆਂ ਭਰੇ ਜੀਵਨ ’ਚ ਹਰ ਵਿਅਕਤੀ ਲਈ ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਮੇਂ-ਸਮੇਂ ਸਿਰ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸਟੇਟ ਅਵਾਰਡੀ ਰਵਿੰਦਰ ਸਿੰਘ ਕੰਗ, ਬਲਜਿੰਦਰ ਸਿੰਘ ਯੂਕੇ ਪਿਆਰਾ ਲਾਲ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ, ਗੁਰਦੀਪ ਸਿੰਘ ਬਿਰਦੀ, ਦੇਵ ਰਾਜ ਮਡਾਰਾ ਸਾਬਕਾ ਸਰਪੰਚ, ਬਲਦੇਵ ਸਿੰਘ, ਦਲਜੀਤ ਸਿੰਘ, ਰਾਜਵੰਤ ਰਾਏ, ਸੂਬੇਦਾਰ ਮੋਹਨ ਸਿੰਘ ਆਦਿ ਤੋਂ ਇਲਾਵਾ ਪਿੰਡ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਨਗਰ ਨਿਵਾਸੀ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਐੱਨਆਰਆਈ ਵੀਰਾਂ, ਡਾਕਟਰ ਸਾਹਿਬਾਨ, ਗ੍ਰਾਮ ਪੰਚਾਇਤ, ਸੇਵਾਦਾਰਾਂ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।