- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕੀ ਹਾਦਸੇ ‘ਚ 15 ਸਾਲਾ ਲੜਕੇ ਦੀ ਮੌਤ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਮੰਡ ਖੇਤਰ ਦੇ ਪਿੰਡ ਗੱਟੀ ਰਾਏਪੁਰ ਦੇ ਵਸਨੀਕ ਹੁਸਨਦੀਪ ਸਿੰਘ (15) ਪੁੱਤਰ ਜਸਵੰਤ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਸੁਖਜਿੰਦਰ ਸਿੰਘ ਖਹਿਰਾ ਐੱਸਐੱਚਓ ਨੇ ਜਾਣਕਾਰੀ ਦਿੱਤੀ ਕਿ ਹੁਸਨਦੀਪ ਸਿੰਘ 20 ਨਵੰਬਰ ਨੂੰ ਸ਼ਾਮ 4.30 ਵਜੇ ਪਿੰਡ ਦੇ ਗੁਰਦੁਆਰੇ ’ਚ ਸ੍ਰੀ ਅਖੰਡ ਪਾਠ ਸਾਹਿਬ ਚਲਦਾ ਹੋਣ ਕਰਕੇ ਸੇਵਾ ਕਰਨ ਗਿਆ ਸੀ ਕਿ ਸ਼ਾਮ ਨੂੰ ਉਨ੍ਹਾਂ ਦੇ ਗੁਆਂਢੀ ਸੁਖਵਿੰਦਰ ਸਿੰਘ ਨੇ ਜਸਵੰਤ ਸਿੰਘ ਨੂੰ ਘਰ ਆ ਕੇ ਦੱਸਿਆ ਕਿ ਪਿੰਡ ਦੇ ਮੋੜ ’ਤੇ ਉਨ੍ਹਾਂ ਦੇ ਪੁੱਤਰ ਹੁਸਨਦੀਪ ਸਿੰਘ ਨਾਲ ਕੋਈ ਹਾਦਸਾ ਵਾਪਰ ਗਿਆ ਹੈ। ਹੁਸਨਦੀਪ ਸਿੰਘ ਬਾਈਕ ’ਤੇ ਗਿਆ ਸੀ। ਜਸਵੰਤ ਸਿੰਘ ਵੱਲੋਂ ਆਪਣੇ ਪਰਿਵਾਰ ਨਾਲ ਘਟਨਾ ਵਾਲੀ ਥਾਂ ’ਤੇ ਜਾ ਕੇ ਵੇਖਿਆ ਤਾਂ ਉਨ੍ਹਾਂ ਵੱਲੋਂ ਫ਼ੌਰਨ ਉਸ ਨੂੰ ਜੋਸਨ ਹਸਪਤਾਲ ਲੋਹੀਆਂ ਵਿਖੇ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਸਥਾਨਕ ਥਾਣਾ ਪੁਲਿਸ ਵੱਲੋਂ ਪੋਸਟਮਾਰਟਮ ਕਰਵਾ ਕੇ ਲੜਕੇ ਦੀ ਮ੍ਰਿਤਕ ਦੇਹ ਵਾਰਸਾਂ ਹਵਾਲੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੜਕਾ ਆਪਣੀਆਂ ਦੋ ਵੱਡੀਆਂ ਭੈਣਾਂ ਤੋਂ ਛੋਟਾ ਤੇ ਉਨ੍ਹਾਂ ਦਾ ਇਕਲੌਤਾ ਭਰਾ ਸੀ। ਪਿੰਡ ਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਵੱਡੀ ਗਿਣਤੀ ’ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਸਥਾਨਕ ਥਾਣਾ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਤੇ ਵਾਹਨ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਹੈ ਤੇ ਐੱਸਐੱਚਓ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਜਲਦ ਫੜ ਲਿਆ ਜਾਵੇਗਾ।