- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ 19 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਅਨੰਦ ਕਾਰਜ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ, ਆਲੋਵਾਲ ਵਿਖੇ ਜੁੱਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਸੰਗਤਾਂ ਦੇ ਸਹਿਯੋਗ ਨਾਲ 19 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ। ਇਸ ਮੌਕੇ ਗੁਰੂ ਘਰ ਵਿਖੇ ਸਰਬੱਤ ਦੇ ਭਲੇ ਲਈ ਆਰੰਭੇ ਗਏ 21 ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਗੁਰੂ ਚਰਨਾਂ ’ਚ ਅਰਦਾਸ ਕਰਨ ਤੋਂ ਬਾਅਦ ਅਨੰਦ ਕਾਰਜ ਦੀ ਰਸਮ ਸ਼ੁਰੂ ਹੋਈ। ਇਸ ਮੌਕੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਫਿਲੌਰ ਦੀ ਇੰਚਾਰਜ ਹਰਜੋਤ ਕੌਰ ਲੋਹਟੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਵਿਆਹ ਸਮਾਗਮ ਦੀਆਂ ਮੁਬਾਰਕਾਂ ਦਿੰਦਿਆਂ ਨਵ-ਵਿਆਹੇ ਜੋੜਿਆਂ ਦੇ ਸੁਖੀ ਜੀਵਨ ਦੀ ਕਾਮਨਾ ਕੀਤੀ।
ਸੰਤ ਬਾਬਾ ਜਰਨੈਲ ਸਿੰਘ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਨੇ ਨਵ-ਵਿਆਹੇ ਜੋੜਿਆਂ ਨੂੰ ਗ੍ਰਹਿਸਥ ਜੀਵਨ ’ਚ ਪ੍ਰਵੇਸ਼ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਜੋੜਿਆਂ ਨੂੰ ਆਪਸੀ ਪਿਆਰ, ਸਤਿਕਾਰ ਤੇ ਸਮਝਦਾਰੀ ਨਾਲ ਜੀਵਨ ਬਤੀਤ ਕਰਨ ਤੇ ਹਰ ਮੁਸ਼ਕਲ ਦਾ ਮਿਲ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਨਵ-ਵਿਆਹੇ ਜੋੜਿਆਂ ਨੂੰ ਰੋਜ਼ਾਨਾ ਘਰੇਲੂ ਵਰਤੋਂ ’ਚ ਆਉਣ ਵਾਲਾ ਸਾਮਾਨ ਵੀ ਭੇਟ ਕੀਤਾ। ਇਸ ਦੇ ਨਾਲ ਹੀ ਸੰਗਤਾਂ ਨੂੰ ਮਾਤਾ ਪ੍ਰਕਾਸ਼ ਕੌਰ ਦੀ ਯਾਦ ’ਚ ਕਰਵਾਏ ਜਾਣ ਵਾਲੇ ਪੇਂਡੂ ਖੇਡ ਮੇਲੇ ’ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਇਸ ਮੌਕੇ ਬੀਬੀ ਕਰਮਜੀਤ ਕੌਰ ਸੰਧੂ, ਡਾ. ਅਮਰਜੋਤ ਸਿੰਘ ਸੰਧੂ, ਅਮਨਪ੍ਰੀਤ ਕੌਰ ਸੰਧੂ, ਐਡਵੋਕੇਟ ਜਸਪਿੰਦਰ ਕੌਰ ਧਾਲੀਵਾਲ, ਦਲਜੀਤ ਕੌਰ, ਜਤਿੰਦਰ ਕੌਰ, ਪ੍ਰਮਿੰਦਰ ਕੌਰ, ਸਰਪੰਚ ਹਰਕਮਲ ਸਿੰਘ ਬੇਗਮਪੁਰ, ਸੰਗਠਨ ਇੰਚਾਰਜ ਡਾ. ਵਰਿੰਦਰ ਸਿੰਘ ਸੈਣੀ, ਸੁਮੀਤ ਬਸਰਾ, ਸਮੀਰ ਧੀਮਾਨ ਬਲਾਕ ਪ੍ਰਧਾਨ ਫਿਲੌਰ, ਲਾਡੀ ਸਰਪੰਚ ਵਿਰਕ, ਦਾਰਾ ਸਿੰਘ, ਹਰਜੀਤ ਸਿੰਘ, ਪਿਆਰਾ ਕਤਪਾਲੋ, ਸਾਈ ਰਮੇਸ਼ ਅਲੀ ਚਿਸਤੀ ਸਾਬਰੀ, ਰਵਿੰਦਰ ਸਿੰਘ ਰਿੰਕੂ, ਗੁਰਮੇਲ ਸਿੰਘ, ਬਲਦੇਵ ਸਿੰਘ, ਚਮਨ ਲਾਲ ਚੌਕੀਦਾਰ ਨੰਗਲ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੀ ਸੰਗਤ ਹਾਜ਼ਰ ਸੀ।