ਡੀਸੀ ਕੰਪਲੈਕਸ ’ਚ ਬਿਜਲੀ ਚੋਰੀ ਨੂੰ ਖੁੱਲ੍ਹੀ ਛੋਟ, ਅਧਿਕਾਰੀ ਬਣੇ ਅਣਜਾਣ ਡੀਸੀ ਕੰਪਲੈਕਸ ’ਚ ਬਿਜਲੀ ਚੋਰੀ ਨੂੰ ਖੁੱਲ੍ਹੀ ਛੋਟ, ਅਧਿਕਾਰੀ ਬਣੇ ਅਣਜਾਣ
Publish Date: Sun, 22 Nov 2026 10:02 PM (IST)
Updated Date: Sun, 22 Nov 2026 10:04 PM (IST)
ਲੋਕਾਂ ਨੂੰ ਦਿਸਦੀਆਂ ਕੁੰਡੀਆਂ, ਅਧਿਕਾਰੀਆਂ ਨੂੰ ਨਹੀਂ ਸਾਲਾਂ ਤੋਂ ਕੁੰਡੀਆਂ ਪਾ ਕੇ ਬਿਜਲੀ ਵਰਤੀ ਜਾ ਰਹੀ, ਨਾਜ਼ਰ ਬ੍ਰਾਂਚ ਦੀ ਚੁੱਪੀ ’ਤੇ ਸਵਾਲ ਡੀਸੀ, ਏਡੀਸੀ ਤੇ ਐੱਸਡੀਐੱਮ ਵਰਗੇ ਅਧਿਕਾਰੀਆਂ ਦੇ ਦਫ਼ਤਰ ਮੌਜੂਦ ਲਖਬੀਰ, ਪੰਜਾਬੀ ਜਾਗਰਣ ਜਲੰਧਰ : ਜਿਸ ਤਹਿਸੀਲ ਕੰਪਲੈਕਸ ਵਿੱਚ ਡੀਸੀ, ਏਡੀਸੀ ਤੇ ਐੱਸਡੀਐੱਮ ਵਰਗੇ ਉੱਚ ਅਧਿਕਾਰੀਆਂ ਦੇ ਦਫ਼ਤਰ ਹਨ, ਉੱਥੇ ਹੀ ਕਥਿਤ ਬਿਜਲੀ ਚੋਰੀ ਦਾ ਸਿਲਸਿਲਾ ਸਾਲਾਂ ਤੋਂ ਚੱਲਣ ਦੇ ਦੋਸ਼ ਲੱਗ ਰਹੇ ਹਨ। ਕੰਪਲੈਕਸ ਵਿੱਚ ਲੱਗੀਆਂ ਬਿਜਲੀ ਦੀਆਂ ਕੁੰਡੀਆਂ ਆਮ ਲੋਕਾਂ ਨੂੰ ਤਾਂ ਸਾਫ਼ ਦਿਖਾਈ ਦਿੰਦੀਆਂ ਹਨ ਪਰ ਨਾਜ਼ਰ ਬ੍ਰਾਂਚ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਨਜ਼ਰ ਕਿਉਂ ਨਹੀਂ ਆਉਂਦੀਆਂ। ਪੱਖੇ, ਕੂਲਰ, ਬਲੱਬਾਂ ਸਮੇਤ ਕਈ ਬਿਜਲੀ ਉਪਕਰਨ ਚੱਲਣ ਦੇ ਬਾਵਜੂਦ ਜੇਕਰ ਇਨ੍ਹਾਂ ਦੀ ਖਪਤ ਦਾ ਕੋਈ ਅਧਿਕਾਰਤ ਹਿਸਾਬ ਨਹੀਂ ਤਾਂ ਸਵਾਲ ਸਿਰਫ਼ ਬਿਜਲੀ ਚੋਰੀ ਦਾ ਨਹੀਂ, ਸਗੋਂ ਸਰਕਾਰੀ ਨਿਗਰਾਨੀ ਦਾ ਵੀ ਹੈ। ਸਾਲਾਂ ਦੀ ਇਸ ਕਥਿਤ ਵਰਤੋਂ ਨਾਲ ਲੱਖਾਂ ਰੁਪਏ ਦੀ ਬਿਜਲੀ ਖਪਤ ਹੋਣ ਦਾ ਖ਼ਦਸ਼ਾ ਹੈ। ਹੁਣ ਸਵਾਲ ਇਹ ਹੈ ਕਿ ਬਿਜਲੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਕੁੰਡੀਆਂ ਦੀ ਜਾਂਚ ਕਦੋਂ ਕਰਵਾਉਣਗੇ। --------------------------------------- ਬਿਜਲੀ ਵੇਚਣ ਤੇ ਕੁੰਡੀਆਂ ਵਾਲਿਆਂ ਖ਼ਿਲਾਫ਼ ਹੋਵੇ ਕਾਰਵਾਈ ਤਹਿਸੀਲ ਕੰਪਲੈਕਸ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੀਆਂ ਕੁੰਡੀਆਂ ਰਾਹੀਂ ਬਿਜਲੀ ਵਰਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇੱਥੇ ਪੱਖੇ, ਕੂਲਰ, ਬਲੱਬਾਂ ਤੋਂ ਇਲਾਵਾ ਹੋਰ ਬਿਜਲੀ ਉਪਕਰਨ ਵੀ ਚਲਾਏ ਜਾ ਰਹੇ ਹਨ। ਸਵਾਲ ਇਹ ਹੈ ਕਿ ਇਨ੍ਹਾਂ ਉਪਕਰਨਾਂ ਲਈ ਬਿਜਲੀ ਕਿੱਥੋਂ ਆ ਰਹੀ ਹੈ ਅਤੇ ਇਸ ਦੀ ਅਦਾਇਗੀ ਕੌਣ ਕਰ ਰਿਹਾ ਹੈ। ਜੇਕਰ ਕਿਸੇ ਬੂਥ ਵਾਲੇ ਕੋਲੋਂ ਬਿਜਲੀ ਕੁੰਡੀ ਪਾ ਕੇ ਲਈ ਜਾ ਰਹੀ ਹੈ ਤਾਂ ਬੂਥਧਾਰਕ ਅਤੇ ਬਿਜਲੀ ਲੈਣ ਲਈ ਕੁੰਡੀਆਂ ਲਗਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ---------------------------- ਨਾਜ਼ਰ ਬ੍ਰਾਂਚ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਕੰਪਲੈਕਸ ਦੀ ਦੇਖ-ਰੇਖ ਅਤੇ ਪ੍ਰਬੰਧ ਨਾਲ ਜੁੜੀ ਨਾਜ਼ਰ ਬ੍ਰਾਂਚ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਜੇਕਰ ਇਹ ਕੁੰਡੀਆਂ ਲੰਬੇ ਸਮੇਂ ਤੋਂ ਮੌਜੂਦ ਹਨ ਤਾਂ ਹੁਣ ਤੱਕ ਇਨ੍ਹਾਂ ਦੀ ਜਾਂਚ ਕਿਉਂ ਨਹੀਂ ਕਰਵਾਈ ਗਈ। ਲੋਕਾਂ ਅਨੁਸਾਰ ਨਾਜ਼ਰ ਬ੍ਰਾਂਚ ਵੱਲੋਂ ਬਿਜਲੀ ਦੀ ਖਪਤ ਦਾ ਕੋਈ ਰਿਕਾਰਡ ਤਿਆਰ ਕੀਤਾ ਜਾਂਦਾ ਹੈ ਜਾਂ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ ਗਿਆ, ਜਿਸ ਕਾਰਨ ਬਿਜਲੀ ਚੋਰਾਂ ਦੇ ਹੌਸਲੇ ਬੁਲੰਦ ਹੋਏ ਹਨ। --------------------------------- ਵੱਡੀ ਬਿਜਲੀ ਖਪਤ ਦਾ ਖ਼ਦਸ਼ਾ ਕਈ ਸਾਲਾਂ ਤੋਂ ਪੱਖੇ, ਕੂਲਰ ਅਤੇ ਹੋਰ ਉਪਕਰਨ ਚੱਲਣ ਕਾਰਨ ਬਿਜਲੀ ਦੀ ਵੱਡੀ ਖਪਤ ਹੋਣ ਦਾ ਖ਼ਦਸ਼ਾ ਹੈ। ਹਾਲਾਂਕਿ ਅਸਲ ਰਕਮ ਦਾ ਪਤਾ ਬਿਜਲੀ ਵਿਭਾਗ ਦੀ ਜਾਂਚ ਅਤੇ ਖਪਤ ਦੇ ਮੁਲਾਂਕਣ ਤੋਂ ਬਾਅਦ ਹੀ ਲੱਗ ਸਕੇਗਾ। ਜੇਕਰ ਬਿਨਾਂ ਅਧਿਕਾਰਤ ਕੁਨੈਕਸ਼ਨ ਬਿਜਲੀ ਵਰਤੀ ਜਾ ਰਹੀ ਹੈ ਤਾਂ ਸਰਕਾਰੀ ਖ਼ਜ਼ਾਨੇ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ। ----------------------- ਨਾਜ਼ਰ ਨੂੰ ਕਰਨੀ ਚਾਹੀਦੀ ਹੈ ਪਾਵਰਕਾਮ ਨੂੰ ਸ਼ਿਕਾਇਤ ਹੁਣ ਬਿਜਲੀ ਵਿਭਾਗ ਦੀ ਟੀਮ ਵੱਲੋਂ ਕੰਪਲੈਕਸ ਦਾ ਨਿਰੀਖਣ ਕਰਕੇ ਕੁੰਡੀਆਂ, ਮੀਟਰਾਂ ਅਤੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਇਸ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੰਪਲੈਕਸ ਵਿੱਚ ਬਿਜਲੀ ਦੀ ਵਰਤੋਂ ਦਾ ਹਿਸਾਬ ਕੌਣ ਰੱਖਦਾ ਹੈ ਅਤੇ ਨਿਗਰਾਨੀ ਦੀ ਜ਼ਿੰਮੇਵਾਰੀ ਕਿਸ ਅਧਿਕਾਰੀ ਕੋਲ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਬਿਜਲੀ ਚੋਰੀ ਹੋ ਰਹੀ ਹੈ ਜਾਂ ਨਹੀਂ ਅਤੇ ਇਸ ਪਿੱਛੇ ਕੌਣ ਜ਼ਿੰਮੇਵਾਰ ਹੈ। ਨਾਜ਼ਰ ਬ੍ਰਾਂਚ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੁੰਡੀਆਂ ਸਬੰਧੀ ਪਾਵਰਕਾਮ ਨੂੰ ਸ਼ਿਕਾਇਤ ਕਰਕੇ ਬਿਜਲੀ ਚੋਰੀ ਨੂੰ ਰੁਕਵਾਏ। --------------------------- ਕੀ ਹੈ ਕਾਨੂੰਨੀ ਸਜ਼ਾ ਦੀ ਤਜਵੀਜ਼ ਬਿਜਲੀ ਐਕਟ, 2003 ਦੀ ਧਾਰਾ 135 ਤਹਿਤ ਕੁੰਡੀਆਂ ਪਾ ਕੇ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਬਿਜਲੀ ਦੀ ਵਰਤੋਂ ਕਰਨਾ ਅਪਰਾਧ ਹੈ। ਇਸ ਧਾਰਾ ਅਨੁਸਾਰ ਬਿਜਲੀ ਚੋਰੀ ਦਾ ਦੋਸ਼ ਸਾਬਤ ਹੋਣ ’ਤੇ ਤਿੰਨ ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਪਹਿਲੀ ਵਾਰ ਦੋਸ਼ ਸਾਬਤ ਹੋਣ ’ਤੇ ਜੁਰਮਾਨਾ ਚੋਰੀ ਰਾਹੀਂ ਹੋਏ ਵਿੱਤੀ ਲਾਭ ਦੇ ਘੱਟੋ-ਘੱਟ ਤਿੰਨ ਗੁਣਾ ਦੇ ਬਰਾਬਰ ਹੋ ਸਕਦਾ ਹੈ। ਜੇਕਰ ਚੋਰੀ ਵਿੱਚ ਵਰਤਿਆ ਗਿਆ ਲੋਡ 10 ਕਿਲੋਵਾਟ ਤੋਂ ਵੱਧ ਹੋਵੇ ਅਤੇ ਮੁੜ ਅਜਿਹਾ ਅਪਰਾਧ ਸਾਬਤ ਹੋਵੇ ਤਾਂ ਕਾਨੂੰਨ ਤਹਿਤ ਘੱਟੋ-ਘੱਟ ਛੇ ਮਹੀਨੇ ਤੋਂ ਪੰਜ ਸਾਲ ਤੱਕ ਦੀ ਕੈਦ ਅਤੇ ਵਿੱਤੀ ਲਾਭ ਦੇ ਘੱਟੋ-ਘੱਟ ਛੇ ਗੁਣਾ ਜੁਰਮਾਨੇ ਦੀ ਵਿਵਸਥਾ ਹੈ। ਇਸ ਤੋਂ ਇਲਾਵਾ, ਬਿਜਲੀ ਸਪਲਾਈ ਤਿੰਨ ਮਹੀਨੇ ਤੋਂ ਦੋ ਸਾਲ ਤੱਕ ਕੱਟੀ ਜਾ ਸਕਦੀ ਹੈ। ਸਰਕਾਰੀ ਕੰਪਲੈਕਸ ਹੋਣ ਕਾਰਨ ਕਿਸੇ ਨੂੰ ਵੀ ਕਾਨੂੰਨ ਤੋਂ ਛੋਟ ਨਹੀਂ ਮਿਲਦੀ। ਜੇਕਰ ਜਾਂਚ ਦੌਰਾਨ ਬਿਜਲੀ ਚੋਰੀ ਸਾਬਤ ਹੁੰਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਬਿਜਲੀ ਦੇ ਨੁਕਸਾਨ ਦੀ ਵਸੂਲੀ ਵੀ ਕੀਤੀ ਜਾ ਸਕਦੀ ਹੈ। ------------------------------- ਚੋਰੀ ਦਫ਼ਤਰ ਦੇ ਬਿਜਲੀ ਕੁਨੈਕਸ਼ਨ ਤੋਂ ਨਹੀਂ, ਬੂਥਾਂ ਤੋਂ ਹੋ ਰਹੀ ਹੈ : ਨਾਜ਼ਰ ਇਸ ਸਬੰਧੀ ਜਦੋਂ ਜ਼ਿਲ੍ਹਾ ਨਾਜ਼ਰ ਰਾਕੇਸ਼ ਅਰੋੜਾ, ਜਿਨ੍ਹਾਂ ਕੋਲ ਇਸ ਸਮੇਂ ਡੀਸੀ ਦੇ ਪੀਏ ਦਾ ਵੀ ਚਾਰਜ ਹੈ, ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬਿਜਲੀ ਚੋਰੀ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਹ ਚੋਰੀ ਦਫ਼ਤਰ ਦੇ ਬਿਜਲੀ ਕੁਨੈਕਸ਼ਨ ਤੋਂ ਨਹੀਂ, ਸਗੋਂ ਬੂਥਾਂ ਤੋਂ ਹੋ ਰਹੀ ਹੈ। ਉਨ੍ਹਾਂ ਨੇ ਮਾਮਲੇ ਨੂੰ ਪਾਵਰਕਾਮ ਨਾਲ ਸਬੰਧਤ ਦੱਸਦਿਆਂ ਕਿਹਾ ਕਿ ਇਸ ਵਿੱਚ ਉਨ੍ਹਾਂ ਦਾ ਵਿਭਾਗ ਕੁਝ ਨਹੀਂ ਕਰ ਸਕਦਾ। ਹੈਰਾਨੀ ਦੀ ਗੱਲ ਇਹ ਹੈ ਕਿ ਬਿਜਲੀ ਚੋਰੀ ਚਾਹੇ ਦਫ਼ਤਰੀ ਕੁਨੈਕਸ਼ਨ ਤੋਂ ਹੋਵੇ ਜਾਂ ਬੂਥਾਂ ਤੋਂ, ਚੋਰੀ ਤਾਂ ਚੋਰੀ ਹੀ ਹੈ। ਸਰਕਾਰੀ ਕੰਪਲੈਕਸ ਵਿੱਚ ਅਜਿਹੀ ਗਤੀਵਿਧੀ ਹੋਣ ਦੇ ਬਾਵਜੂਦ ਜ਼ਿੰਮੇਵਾਰੀ ਤੋਂ ਪਾਸਾ ਵੱਟਣਾ ਕਈ ਸਵਾਲ ਖੜ੍ਹੇ ਕਰਦਾ ਹੈ। ਜੇਕਰ ਮਾਮਲਾ ਪਾਵਰਕਾਮ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਤਾਂ ਕੀ ਜ਼ਿਲ੍ਹਾ ਨਾਜ਼ਰ ਬ੍ਰਾਂਚ ਦੀ ਜ਼ਿੰਮੇਵਾਰੀ ਸਿਰਫ਼ ਪੱਲਾ ਝਾੜਨ ਤੱਕ ਹੀ ਸੀਮਤ ਹੈ। ਘੱਟੋ-ਘੱਟ ਸਬੰਧਤ ਵਿਭਾਗ ਨੂੰ ਸੂਚਿਤ ਕਰਕੇ ਜਾਂਚ ਕਰਵਾਉਣ ਦੀ ਪਹਿਲ ਤਾਂ ਕੀਤੀ ਜਾ ਸਕਦੀ ਹੈ।