ਟਰੈਕ ਦੇ ਅਧਿਕਾਰੀ ’ਤੇ ਰਿਸ਼ਵਤ ਮੰਗਣ ਤੇ ਬਦਤਮੀਜ਼ੀ ਦੇ ਕਥਿਤ ਦੋਸ਼ ਟਰੈਕ ਦੇ ਅਧਿਕਾਰੀ ’ਤੇ ਰਿਸ਼ਵਤ ਮੰਗਣ ਤੇ ਬਦਤਮੀਜ਼ੀ ਦੇ ਕਥਿਤ ਦੋਸ਼
Publish Date: Sun, 22 Nov 2026 09:45 PM (IST)
Updated Date: Sun, 22 Nov 2026 09:46 PM (IST)
ਇਕ ਮਹੀਨੇ ਤੋਂ ਲਾਇਸੈਂਸ ਲਈ ਖੱਜਲ ਕੀਤਾ ਜਾ ਰਿਹਾ : ਵਿਜੈ ਕੁਮਾਰ ਟੈਸਟ ਪਾਸ ਹੋਣ ਦੇ ਬਾਵਜੂਦ ਨਹੀਂ ਮਿਲਿਆ ਡਰਾਈਵਿੰਗ ਲਾਇਸੈਂਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕਰਨ ਦੀ ਦਿੱਤੀ ਚਿਤਾਵਨੀ ਲਖਬੀਰ, ਪੰਜਾਬੀ ਜਾਗਰਣ ਜਲੰਧਰ : ਆਰਟੀਓ ਦਫ਼ਤਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਲੋਕਾਂ ਦੀ ਖੱਜਲ-ਖੁਆਰੀ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਪਿੰਡ ਬੁਲੰਦਪੁਰ ਦੇ ਵਿਜੈ ਕੁਮਾਰ ਨੇ ਟਰੈਕ ਦੇ ਮੁੱਖ ਅਧਿਕਾਰੀ ਏਆਰਟੀਓ ’ਤੇ ਬਦਤਮੀਜ਼ੀ ਕਰਨ ਅਤੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਬਦਲੇ ਕਥਿਤ ਤੌਰ ’ਤੇ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਮੰਗਣ ਦੇ ਦੋਸ਼ ਲਗਾਏ ਹਨ। ਵਿਜੈ ਕੁਮਾਰ ਮੁਤਾਬਕ, ਉਸ ਨੇ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਲੋੜੀਂਦੀ ਪ੍ਰਕਿਰਿਆ ਵੀ ਪੂਰੀ ਕਰ ਲਈ ਹੈ, ਪਰ ਕਰੀਬ ਇੱਕ ਮਹੀਨਾ ਬੀਤਣ ਦੇ ਬਾਵਜੂਦ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਉਸ ਦਾ ਦੋਸ਼ ਹੈ ਕਿ ਹਰ ਵਾਰ ਨਵਾਂ ਬਹਾਨਾ ਬਣਾ ਕੇ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਵਿਜੈ ਕੁਮਾਰ ਨੇ ਦੱਸਿਆ ਕਿ ਉਹ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਟਰੈਕ ’ਤੇ ਪਹੁੰਚਿਆ ਸੀ। ਸਟਾਫ ਨੇ ਲਾਇਸੈਂਸ ਨਾਲ ਸਬੰਧਤ ਰਹਿੰਦੀ ਪ੍ਰਕਿਰਿਆ ਪੂਰੀ ਕਰਕੇ ਉਸ ਨੂੰ ਫਾਈਲ ਜਮ੍ਹਾਂ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਜਦੋਂ ਉਹ ਫਾਈਲ ਸਬੰਧੀ ਏਆਰਟੀਓ ਕੋਲ ਗਿਆ ਤਾਂ ਉਸ ਨਾਲ ਕਥਿਤ ਤੌਰ ’ਤੇ ਬਦਤਮੀਜ਼ੀ ਕੀਤੀ ਗਈ। ਉਸ ਨੇ ਦੋਸ਼ ਲਾਇਆ ਕਿ ਕੰਮ ਲਟਕਾਉਣ ਦੇ ਨਾਲ ਕਦੇ 5 ਹਜ਼ਾਰ ਅਤੇ ਕਦੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਾਰਨ ਉਸ ਨੂੰ ਪਿਛਲੇ ਇੱਕ ਮਹੀਨੇ ਤੋਂ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਹ ਘਟਨਾ ਸ਼ੁੱਕਰਵਾਰ ਦੀ ਹੈ ਤੇ ਇਸ ਮਾਮਲੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। -------------------- ਟੈਸਟ ਪਾਸ ਕਰਨ ਦੇ ਬਾਵਜੂਦ ਲਾਇਸੈਂਸ ਲਈ ਚੱਕਰ ਵਿਜੈ ਕੁਮਾਰ ਨੇ ਸਵਾਲ ਉਠਾਇਆ ਕਿ ਜਦੋਂ ਬਿਨੈਕਾਰ ਡਰਾਈਵਿੰਗ ਟੈਸਟ ਪਾਸ ਕਰ ਚੁੱਕਾ ਹੈ ਅਤੇ ਸਟਾਫ ਵੱਲੋਂ ਲੋੜੀਂਦੀ ਪ੍ਰਕਿਰਿਆ ਵੀ ਪੂਰੀ ਕਰ ਦਿੱਤੀ ਗਈ ਹੈ ਤਾਂ ਲਾਇਸੈਂਸ ਜਾਰੀ ਕਰਨ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ? ਉਸ ਮੁਤਾਬਕ ਸਰਕਾਰ ਵੱਲੋਂ ਆਨਲਾਈਨ ਸੇਵਾਵਾਂ ਅਤੇ ਨਿਰਧਾਰਤ ਫੀਸ ਦੀ ਵਿਵਸਥਾ ਲੋਕਾਂ ਦੀ ਸਹੂਲਤ ਲਈ ਕੀਤੀ ਗਈ ਹੈ, ਪਰ ਜੇਕਰ ਜਾਇਜ਼ ਕੰਮ ਲਈ ਵੀ ਵਾਰ-ਵਾਰ ਦਫ਼ਤਰ ਆਉਣਾ ਪਵੇ ਤਾਂ ਇਨ੍ਹਾਂ ਸੇਵਾਵਾਂ ਦਾ ਮਕਸਦ ਪੂਰਾ ਨਹੀਂ ਹੁੰਦਾ। ਉਸ ਨੇ ਕਿਹਾ ਕਿ ਬਿਨੈਕਾਰ ਸਰਕਾਰੀ ਫੀਸ ਜਮ੍ਹਾਂ ਕਰਵਾ ਕੇ ਆਪਣਾ ਕੰਮ ਕਰਵਾਉਣ ਆਉਂਦੇ ਹਨ। ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਾਧੂ ਰਕਮ ਦੀ ਕਥਿਤ ਮੰਗ ਅਤੇ ਮਾੜਾ ਵਿਹਾਰ ਗੰਭੀਰ ਮਾਮਲਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। --------------------- ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ ਵਿਜੈ ਕੁਮਾਰ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਹੈ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਟੈਸਟ ਪਾਸ ਹੋਣ ਦੇ ਬਾਵਜੂਦ ਉਸ ਦਾ ਲਾਇਸੈਂਸ ਇੱਕ ਮਹੀਨੇ ਤੋਂ ਕਿਉਂ ਲਟਕਿਆ ਹੋਇਆ ਹੈ। ਨਾਲ ਹੀ ਕਥਿਤ ਰਿਸ਼ਵਤ ਮੰਗਣ ਦੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾਵੇ। ਉਸ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਸਬੰਧਤ ਅਧਿਕਾਰੀ ਖ਼ਿਲਾਫ਼ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਨੇ ਦੋਸ਼ੀ ਪਾਏ ਜਾਣ ’ਤੇ ਅਧਿਕਾਰੀ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਤਾਂ ਜੋ ਸਰਕਾਰੀ ਸੇਵਾ ਲੈਣ ਆਉਣ ਵਾਲੇ ਲੋਕਾਂ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ------------------------- ਨਾ ਬਦਤਮੀਜ਼ੀ ਕੀਤੀ ਤੇ ਨਾ ਰਿਸ਼ਵਤ ਮੰਗੀ : ਸੰਦੀਪ ਭਾਰਤੀ ਇਸ ਮਾਮਲੇ ਵਿੱਚ ਏਆਰਟੀਓ ਸੰਦੀਪ ਭਾਰਤੀ ਨੇ ਦੋਸ਼ਾਂ ਨੂੰ ਨਕਾਰਦਿਆਂ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਕਿਸੇ ਨਾਲ ਬਦਤਮੀਜ਼ੀ ਕੀਤੀ ਗਈ ਹੈ ਅਤੇ ਨਾ ਹੀ ਪੈਸਿਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਲਾਇਸੈਂਸ ਦੀ ਅਪਰੂਵਲ ਲਈ ਦਫ਼ਤਰ ਆਉਣ ਦੀ ਲੋੜ ਨਹੀਂ ਹੁੰਦੀ ਅਤੇ ਵਿਭਾਗ ਵੱਲੋਂ ਆਟੋ-ਅਪਰੂਵਲ ਕੀਤਾ ਜਾਂਦਾ ਹੈ। ਜੇਕਰ ਕਿਸੇ ਬਿਨੈਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਲਿਖਤੀ ਰੂਪ ਵਿੱਚ ਦੇ ਸਕਦਾ ਹੈ, ਜਿਸ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।