- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਰੈਲੀ ਲਈ ਟਰਾਂਸਪੋਰਟ ਵਿਭਾਗ ਨੂੰ ਮਿਲਿਆ 212 ਬੱਸਾਂ ਦਾ ਟਾਰਗੇਟ

-ਰੈਲੀ ’ਚ ਜਾਣ ਵਾਲਿਆਂ ਲਈ ਵਰਤੀਆਂ ਜਾਣਗੀਆਂ ਬੱਸਾਂ, ਵਿਭਾਗ ਸਾਹਮਣੇ ਬਣੀ ਚੁਣੌਤੀ
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਮੋਗਾ ਵਿੱਚ ਹੋਣ ਵਾਲੀ ਰੈਲੀ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਜਲੰਧਰ ਦੀਆਂ ਤਿਆਰੀਆਂ ਤੇ ਬੱਸਾਂ ਦੀ ਉਪਲੱਬਧਤਾ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਰੈਲੀ ਲਈ ਜਲੰਧਰ ਜ਼ਿਲ੍ਹੇ ਨੂੰ 212 ਬੱਸਾਂ ਦਾ ਟੀਚਾ ਮਿਲਿਆ ਹੈ। ਇੰਨੀ ਵੱਡੀ ਗਿਣਤੀ ’ਚ ਬੱਸਾਂ ਦਾ ਪ੍ਰਬੰਧ ਕਰਨਾ ਵਿਭਾਗ ਲਈ ਵੱਡੀ ਜ਼ਿੰਮੇਵਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਮੁੜ ਇਹ ਸਵਾਲ ਵੀ ਚਰਚਾ ’ਚ ਹੈ ਕਿ ਸਿਆਸੀ ਰੈਲੀਆਂ ਲਈ ਸਰਕਾਰੀ ਬੱਸਾਂ ਦੀ ਡਿਊਟੀ ਲਾਉਣ ਨਾਲ ਆਮ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਮੋਗਾ ਰੈਲੀ ਲਈ ਜਲੰਧਰ ਜ਼ਿਲ੍ਹੇ ਦੇ ਹਿੱਸੇ 212 ਬੱਸਾਂ ਦਾ ਟੀਚਾ ਰੱਖਿਆ ਹੈ। ਟੀਚੇ ਨੂੰ ਪੂਰਾ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਬੱਸਾਂ ਦੀ ਉਪਲੱਬਧਤਾ ਤੇ ਉਨ੍ਹਾਂ ਦੀ ਡਿਊਟੀ ਸਬੰਧੀ ਪ੍ਰਬੰਧ ਕਰਨੇ ਪੈਣਗੇ। ਇੰਨੀ ਵੱਡੀ ਗਿਣਤੀ ’ਚ ਬੱਸਾਂ ਇਕੱਠੀਆਂ ਕਰਨ ਲਈ ਵਿਭਾਗ ਨੂੰ ਆਪਣੇ ਬੱਸ ਬੇੜੇ ਅਤੇ ਰੋਜ਼ਾਨਾ ਦੇ ਰੂਟਾਂ ਨੂੰ ਧਿਆਨ ’ਚ ਰੱਖਣਾ ਪਵੇਗਾ।
ਇਸ ਤੋਂ ਪਹਿਲਾਂ ਵੀ ਵੱਖ-ਵੱਖ ਰੈਲੀਆਂ ਤੇ ਸਮਾਗਮਾਂ ਲਈ ਬੱਸਾਂ ਦੀਆਂ ਡਿਊਟੀਆਂ ਲੱਗਦੀਆਂ ਰਹੀਆਂ ਹਨ। ਹਰ ਵਾਰ ਅਜਿਹੇ ਪ੍ਰਬੰਧਾਂ ਦੌਰਾਨ ਬੱਸਾਂ ਦੀ ਉਪਲੱਬਧਤਾ ਤੇ ਆਮ ਯਾਤਰੀਆਂ ਦੀ ਸਹੂਲਤ ਬਰਕਰਾਰ ਰੱਖਣਾ ਵਿਭਾਗ ਲਈ ਚੁਣੌਤੀ ਬਣਦਾ ਹੈ। ਜੇਕਰ ਵੱਡੀ ਗਿਣਤੀ ’ਚ ਬੱਸਾਂ ਰੈਲੀ ਲਈ ਰਵਾਨਾ ਕੀਤੀਆਂ ਜਾਂਦੀਆਂ ਹਨ ਤਾਂ ਰੋਜ਼ਾਨਾ ਚੱਲਣ ਵਾਲੇ ਰੂਟਾਂ ’ਤੇ ਬੱਸਾਂ ਦੀ ਉਪਲੱਬਧਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਪਿੰਡਾਂ ਤੇ ਦੂਰ-ਦੁਰਾਡੇ ਇਲਾਕਿਆਂ ’ਚ ਆਉਣ-ਜਾਣ ਵਾਲਿਆਂ ਨੂੰ ਬੱਸਾਂ ਦੀ ਘਾਟ ਝੱਲਣੀ ਪਵੇਗੀ। ਵਿਦਿਆਰਥੀਆਂ, ਮੁਲਾਜ਼ਮਾਂ ਤੇ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਲਈ ਸਰਕਾਰੀ ਬੱਸਾਂ ਹੀ ਸਾਧਨ ਹਨ। ਵਿਭਾਗ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਰੈਲੀ ਲਈ ਬੱਸਾਂ ਦੀ ਡਿਊਟੀ ਲਾਉਣ ਦੇ ਬਾਵਜੂਦ ਲੋਕਾਂ ਦੇ ਸਫ਼ਰ ’ਤੇ ਘੱਟ ਤੋਂ ਘੱਟ ਅਸਰ ਪਵੇ। ਇਕ ਪਾਸੇ ਰੈਲੀ ਲਈ 212 ਬੱਸਾਂ ਦੇ ਟੀਚੇ ਨੂੰ ਪੂਰਾ ਕਰਨਾ ਹੈ ਤੇ ਦੂਜੇ ਪਾਸੇ ਆਮ ਲੋਕਾਂ ਲਈ ਰੋਜ਼ਾਨਾ ਬੱਸ ਸੇਵਾ ਵੀ ਜਾਰੀ ਰੱਖਣੀ ਹੈ। ਟਰਾਂਸਪੋਰਟ ਵਿਭਾਗ ਜਲੰਧਰ ਇਸ ਵੱਡੇ ਟੀਚੇ ਨੂੰ ਕਿਵੇਂ ਪੂਰਾ ਕਰਦਾ ਹੈ ਤੇ ਇਸ ਲਈ ਕਿਹੜੇ ਰੂਟਾਂ ਤੋਂ ਬੱਸਾਂ ਦੀ ਡਿਊਟੀ ਲਾਈ ਜਾਂਦੀ ਹੈ। ਸਭ ਤੋਂ ਅਹਿਮ ਗੱਲ ਇਹ ਰਹੇਗੀ ਕਿ ਰੈਲੀ ਦੇ ਪ੍ਰਬੰਧਾਂ ਵਿਚਾਲੇ ਯਾਤਰੀਆਂ ਨੂੰ ਬੱਸਾਂ ਦੀ ਘਾਟ ਕਾਰਨ ਪਰੇਸ਼ਾਨੀ ਨਾ ਝੱਲਣੀ ਪਵੇ।