43ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਦਰਸ਼ਕਾਂ ਲਈ ਮੁਫ਼ਤ ਐਂਟਰੀ 43ਵਾਂ ਇੰਡੀਅਨਆਇਲ ਸੁਰਜੀਤ ਹਾਕੀ
Publish Date: Fri, 20 Nov 2026 08:32 PM (IST)
Updated Date: Sat, 21 Nov 2026 04:04 AM (IST)
--ਡੀਸੀ ਵਾਲੀਆ ਨੇ ਲਿਆ ਤਿਆਰੀਆਂ ਦਾ ਜਾਇਜ਼ਾ --ਲੱਕੀ ਡਰਾਅ ਰਾਹੀਂ ਆਲਟੋ ਕਾਰ ਜਿੱਤਣ ਦਾ ਮਿਲੇਗਾ ਮੌਕਾ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : 22 ਨਵੰਬਰ ਤੱਕ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ’ਚ ਸ਼ੁਰੂ ਹੋਣ ਵਾਲੇ 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਸਬੰਧੀ ਅੱਜ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਤੇ ਡੀਸੀ ਵਰਜੀਤ ਵਾਲੀਆ, ਆਈਏਐੱਸ ਨੇ ਸੁਰਜੀਤ ਹਾਕੀ ਸਟੇਡੀਅਮ ’ਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸੁਸਾਇਟੀਆਂ ਦੇ ਅਹੁਦਾਦਾਰਾਂ ਨਾਲ ਮੀਟਿੰਗ ਕਰਕੇ ਟੂਰਨਾਮੈਂਟ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ 22 ਤੋਂ 28 ਨਵੰਬਰ ਤੱਕ ਹੋਣ ਵਾਲੇ ਦੇਸ਼ ਦੇ ਇਸ ਨਾਮਵਰ ਟੂਰਨਾਮੈਂਟ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਪ੍ਰਬੰਧ ਕੀਤੇ ਹਨ। ਪਿਛਲੇ 37 ਸਾਲਾਂ ਵਾਂਗ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਤੇ ਪ੍ਰਮੁੱਖ ਮਹਾਰਤਨ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਟੂਰਨਾਮੈਂਟ ਦੀ ਮੁੱਖ ਸਿਰਲੇਖ (ਟਾਈਟਲ) ਸਪਾਂਸਰ ਹੋਵੇਗੀ, ਜਦੋਂ ਕਿ ਯੂਐੱਸਏ ਦਾ ਗਾਖਲ ਗਰੁੱਪ, ਜਲੰਧਰ ਦਾ ਏਜੀਆਈ ਇਨਫਰਾ, ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਇਨੋਸੈਂਟ ਹਾਰਟ ਗਰੁੱਪ, ਜਲੰਧਰ ਆਦਿ ਐਲਫਾ ਹਾਕੀ ਸਹਿ-ਸਪਾਂਸਰ ਹੋਣਗੇ। ਟੂਰਨਾਮੈਂਟ ਦਾ 42ਵਾਂ ਐਡੀਸ਼ਨ ਲੀਗ-ਕਮ-ਨਾਕਆਊਟ ਆਧਾਰ ਤੇ ਖੇਡਿਆ ਜਾਵੇਗਾ। ਸਾਰੀਆਂ 12 ਟੀਮਾਂ ਕ੍ਰਮਵਾਰ ਪਿਛਲੇ ਸਾਲ ਦੀ ਚੈਂਪੀਅਨ ਇੰਡੀਅਨ ਆਇਲ ਮੁੰਬਈ, ਇੰਡੀਅਨ ਨੇਵੀ ਮੁੰਬਈ, ਆਰਸੀਐੱਫ ਕਪੂਰਥਲਾ, ਪੰਜਾਬ ਐਂਡ ਸਿੰਧ ਬੈਂਕ ਦਿੱਲੀ ਤੇ ਇੰਡੀਅਨ ਏਅਰ ਫੋਰਸ ਦਿੱਲੀ ਨੂੰ ਪੂਲ- ਬੀ ’ਚ, ਪਿਛਲੇ ਸਾਲ ਦੀ ਉਪ-ਜੇਤੂ ਭਾਰਤ ਪੈਟਰੋਲੀਅਮ ਮੁੰਬਈ, ਬੀਐੱਸਐੱਫ ਜਲੰਧਰ, ਸੀਏਜੀ ਦਿੱਲੀ, ਇੰਡੀਅਨ ਰੇਲਵੇ ਦਿੱਲੀ, ਆਰਮੀ-ਇਲੈਵਨ ਦਿੱਲੀ ਤੇ ਸੀਆਰਪੀਐੱਫ ਦਿੱਲੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਫਲੱਡ ਲਾਈਟਾਂ ਦੀ ਰੌਸ਼ਨੀ ਹੇਠ ਕਰਵਾਏ ਜਾਣ ਵਾਲੇ ਡੇ-ਨਾਈਟ ਹਾਕੀ ਮੁਕਾਬਲਿਆਂ ਲਈ ਸਾਰੇ ਲੁੜੀਂਦੇ ਪ੍ਰਬੰਧ ਯਕੀਨੀ ਬਣਾਏ ਹਨ। ਇਨ੍ਹਾਂ ’ਚ ਹਿੱਸਾ ਲੈਣ ਵਾਲੀਆਂ ਟੀਮਾਂ ਤੇ ਅਧਿਕਾਰੀਆਂ ਦੀ ਰਿਹਾਇਸ਼, ਆਵਾਜਾਈ, ਬਿਜਲੀ ਦੀ ਨਿਰਵਿਘਨ ਸਪਲਾਈ ਤੇ ਕਿਸੇ ਵੀ ਸੰਭਾਵੀ ਬਿਜਲੀ ਵਿਘਨ ਦੀ ਸਥਿਤੀ ’ਚ ਬਦਲਵੇਂ ਬਿਜਲੀ ਪ੍ਰਬੰਧ, ਮੀਡੀਆ ਸੈਂਟਰ ਦੀ ਸਥਾਪਨਾ, ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸਟੇਡੀਅਮ ਤੇ ਇਸ ਦੇ ਆਲੇ-ਦੁਆਲੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਹੈ। ਮੈਚਾਂ ਦੌਰਾਨ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਰਵਾਇਤੀ ਲੋਕ ਨਾਚ ਗਿੱਧੇ ਅਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਵੀ ਹੋਣਗੀਆਂ। ਡੀਸੀ ਨੇ ਟੂਰਨਾਮੈਂਟ ਦੌਰਾਨ ਚਲਾਈ ਜਾ ਰਹੀ “ਸੁਰਜੀਤ ਹਾਕੀ ਦੇਖੋ-ਆਲਟੋ ਕਾਰ ਜਿੱਤੋ” ਮੁਹਿੰਮ ਬਾਰੇ ਦੱਸਿਆ ਕਿ ਹਾਕੀ ਪ੍ਰਤੀ ਲੋਕਾਂ ਦੀ ਰੁਚੀ ਵਧਾਉਣ ਤੇ ਵੱਧ ਤੋਂ ਵੱਧ ਦਰਸ਼ਕਾਂ ਨੂੰ ਸਟੇਡੀਅਮ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਜਲੰਧਰ ਦੀ ਪ੍ਰਸਿੱਧ ਕੰਪਨੀ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਇਕ ਮਾਰੂਤੀ ਆਲਟੋ ਏਸੀ ਕਾਰ ਸਪਾਂਸਰ ਕੀਤੀ ਜਾ ਰਹੀ ਹੈ। ਇਸ ਕਾਰ ਦਾ ਲੱਕੀ ਡਰਾਅ ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ 28 ਨਵੰਬਰ ਨੂੰ ਦਰਸ਼ਕਾਂ ਦੀ ਮੌਜੂਦਗੀ ’ਚ ਕੱਢਿਆ ਜਾਵੇਗਾ ਤੇ ਖੁਸ਼ਕਿਸਮਤ ਜੇਤੂ ਨੂੰ ਕਾਰ ਇਨਾਮ ਵਜੋਂ ਦਿੱਤੀ ਜਾਵੇਗੀ। ਉਨ੍ਹਾਂ ਹਾਕੀ ਪ੍ਰੇਮੀਆਂ ਤੇ ਖੇਡ ਪ੍ਰੇਮੀਆਂ ਨੂੰ ਟੂਰਨਾਮੈਂਟ ਦੇ ਸਾਰੇ ਮੈਚਾਂ ਦਾ ਵੱਧ ਤੋਂ ਵੱਧ ਆਨੰਦ ਮਾਣਨ ਲਈ ਸਟੇਡੀਅਮ ਪੁੱਜਣ ਦਾ ਸੱਦਾ ਦਿੱਤਾ ਕਿ ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ ਤੇ ਕਿਸੇ ਵੀ ਮੈਚ ਨੂੰ ਦੇਖਣ ਲਈ ਕੋਈ ਦਾਖ਼ਲਾ ਟਿਕਟ ਨਹੀਂ ਰੱਖੀ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਅਹੁਦੇਦਾਰ ਲਖਵਿੰਦਰ ਪਾਲ ਸਿੰਘ ਖਹਿਰਾ, ਐੱਲਆਰ ਨਈਅਰ, ਸੁਰਿੰਦਰ ਸਿੰਘ ਭਾਪਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਰਾਮ ਪ੍ਰਤਾਪ, ਨਰਿੰਦਰ ਪਾਲ ਸਿੰਘ ਜੱਜ ਤੇ ਸਮਰਦੀਪ ਬੱਠਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸੁਸਾਇਟੀ ਦੇ ਨੁਮਾਇੰਦੇ ਹਾਜ਼ਰ ਸਨ।