- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਵਾਰ ਯੂਨੀਅਨ ਤਹਿਸੀਲ ਦੀ ਨਵੀਂ ਅਗਵਾਈ ਦਾ ਐਲਾਨ

-ਪਟਵਾਰ ਯੂਨੀਅਨ ਤਹਿਸੀਲ ਦੀ ਨਵੀਂ ਅਗਵਾਈ ਐਲਾਨੀ, ਪਟਵਾਰੀਆਂ ਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਪਟਵਾਰ ਯੂਨੀਅਨ ਤਹਿਸੀਲ ਜਲੰਧਰ ਵੱਲੋਂ ਨਵੀਂ ਅਗਵਾਈ ਦਾ ਐਲਾਨ ਕਰਦਿਆਂ ਰਾਜਿੰਦਰ ਸਿੰਘ ਸਿੱਧੂ ਨੂੰ ਤਹਿਸੀਲ-2 ਤੇ ਸੰਦੀਪ ਸਿੰਘ ਨੂੰ ਤਹਿਸੀਲ-1 ਦਾ ਪ੍ਰਧਾਨ ਬਣਾਇਆ ਹੈ। ਦੋਵਾਂ ਆਗੂਆਂ ਨੂੰ ਜਥੇਬੰਦੀ ਦੀ ਜ਼ਿੰਮੇਵਾਰੀ ਸੌਂਪਣ ਨਾਲ ਜਲੰਧਰ ਦੀਆਂ ਦੋਵੇਂ ਤਹਿਸੀਲਾਂ ’ਚ ਯੂਨੀਅਨ ਦੀ ਅਗਵਾਈ ਤੈਅ ਹੋ ਗਈ ਹੈ। ਨਵੇਂ ਪ੍ਰਧਾਨਾਂ ਨੇ ਜਥੇਬੰਦੀ ਦੀ ਜ਼ਿੰਮੇਵਾਰੀ ਨੂੰ ਅਹਿਮ ਮੰਨਦਿਆਂ ਪਟਵਾਰੀਆਂ ਦੀਆਂ ਸਮੱਸਿਆਵਾਂ ਨੂੰ ਮੁੱਢਲੇ ਆਧਾਰ ’ਤੇ ਚੁੱਕਣ ਤੇ ਉਨ੍ਹਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਭਰੋਸਾ ਦਿੱਤਾ।
-ਬਾਕਸ-
-ਸਾਬਕਾ ਪ੍ਰਧਾਨ ਗੁਆ ਬੈਠੇ ਪ੍ਰੋਸੀਡਿੰਗ ਬੁੱਕ
ਪਟਵਾਰ ਯੂਨੀਅਨ ਤਹਿਸੀਲ-1 ਦੀ ਨਵੀਂ ਪ੍ਰਧਾਨਗੀ ਐਲਾਨਣ ਦੀ ਪ੍ਰਕਿਰਿਆ ਉਸ ਸਮੇਂ ਲੰਮੀ ਖਿੱਚ ਗਈ, ਜਦੋਂ ਯੂਨੀਅਨ ਦੀ ਅਹਿਮ ਪ੍ਰੋਸੀਡਿੰਗ ਬੁੱਕ ਹੀ ਗਾਇਬ ਹੋ ਗਈ। ਯੂਨੀਅਨ ਦੇ ਸਾਬਕਾ ਪ੍ਰਧਾਨ ਦੂਸ਼ਤ ਸ਼ਰਮਾ ਕੋਲ ਰਹੀ ਇਹ ਬੁੱਕ ਨਹੀਂ ਮਿਲ ਰਹੀ ਸੀ, ਜਿਸ ਕਾਰਨ ਨਵੇਂ ਪ੍ਰਧਾਨ ਦੀ ਚੋਣ ਤੇ ਅਗਲੀ ਜਥੇਬੰਦਕ ਕਾਰਵਾਈ ’ਚ ਦੇਰੀ ਹੋਈ। ਪ੍ਰੋਸੀਡਿੰਗ ਬੁੱਕ ਕਿਸੇ ਵੀ ਜਥੇਬੰਦੀ ਦਾ ਮਹੱਤਵਪੂਰਨ ਰਿਕਾਰਡ ਹੁੰਦੀ ਹੈ, ਜਿਸ ’ਚ ਮੀਟਿੰਗਾਂ ਦੀ ਕਾਰਵਾਈ, ਫ਼ੈਸਲੇ ਤੇ ਹੋਰ ਜਥੇਬੰਦਕ ਵੇਰਵੇ ਦਰਜ ਹੁੰਦੇ ਹਨ। ਅਜਿਹੇ ’ਚ ਬੁੱਕ ਦਾ ਗਾਇਬ ਹੋਣਾ ਯੂਨੀਅਨ ਦੀ ਕਾਰਜ ਪ੍ਰਣਾਲੀ ਤੇ ਰਿਕਾਰਡ ਦੀ ਸੰਭਾਲ ’ਤੇ ਸਵਾਲ ਖੜ੍ਹੇ ਕਰਦਾ ਹੈ। ਸੂਤਰਾਂ ਅਨੁਸਾਰ ਬੁੱਕ ਦੀ ਭਾਲ ਲਈ ਕਾਫ਼ੀ ਮਸ਼ੱਕਤ ਕਰਨੀ ਪਈ ਤੇ ਕੋਸ਼ਿਸ਼ਾਂ ਤੋਂ ਬਾਅਦ ਇਹ ਮਿਲ ਸਕੀ। ਇਸ ਕਾਰਨ ਤਹਿਸੀਲ-1 ਦੀ ਪ੍ਰਧਾਨਗੀ ਦੀ ਪ੍ਰਕਿਰਿਆ ਆਸ ਨਾਲੋਂ ਕਾਫ਼ੀ ਦੇਰ ਨਾਲ ਪੂਰੀ ਹੋਈ। ਬੁੱਕ ਮਿਲਣ ਤੋਂ ਬਾਅਦ ਹੀ ਜਥੇਬੰਦਕ ਕਾਰਵਾਈ ਦਾ ਰਾਹ ਸਾਫ਼ ਹੋ ਸਕਿਆ।
-ਬਾਕਸ-
-ਸਮੱਸਿਆਵਾਂ ਹੱਲ ਕਰਵਾਉਣਾ ਹੋਵੇਗੀ ਪਹਿਲ : ਰਾਜਿੰਦਰ ਸਿੰਘ ਸਿੱਧੂ
ਤਹਿਸੀਲ-2 ਦੇ ਨਵੇਂ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਅਨ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਟਵਾਰੀਆਂ ਦੀਆਂ ਵਿਭਾਗੀ ਸਮੱਸਿਆਵਾਂ, ਕੰਮਕਾਜ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਅਤੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਜਥੇਬੰਦੀ ਦੀ ਮਜ਼ਬੂਤੀ ਲਈ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਣਾ ਅਤੇ ਆਪਸੀ ਤਾਲਮੇਲ ਬਣਾਈ ਰੱਖਣਾ ਉਨ੍ਹਾਂ ਦੀ ਤਰਜੀਹ ਰਹੇਗੀ।
-ਬਾਕਸ-
-ਏਕਤਾ ਨਾਲ ਚੁੱਕਾਂਗੇ ਪਟਵਾਰੀਆਂ ਦੀ ਆਵਾਜ਼ : ਸੰਦੀਪ ਸਿੰਘ
ਤਹਿਸੀਲ-1 ਦੇ ਨਵੇਂ ਪ੍ਰਧਾਨ ਸੰਦੀਪ ਸਿੰਘ ਅਨੁਸਾਰ ਪ੍ਰਧਾਨਗੀ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਪੂਰੇ ਕਾਡਰ ਦੀਆਂ ਆਸਾਂ ਤੇ ਜ਼ਿੰਮੇਵਾਰੀਆਂ ਨਾਲ ਜੁੜੀ ਹੋਈ ਹੈ। ਉਹ ਪਟਵਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਗੇ। ਆਪਸੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਵੀ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਸਾਥੀ ਪਟਵਾਰੀਆਂ ਦੇ ਹਿੱਤਾਂ ਨਾਲ ਜੁੜੇ ਮਾਮਲਿਆਂ ਨੂੰ ਸਬੰਧਤ ਅਧਿਕਾਰੀਆਂ ਤੇ ਸਰਕਾਰ ਤੱਕ ਪਹੁੰਚਾਉਣ ਲਈ ਸਾਂਝੇ ਤੌਰ ’ਤੇ ਆਵਾਜ਼ ਚੁੱਕੀ ਜਾਵੇਗੀ। ਦੋਵੇਂ ਨਵੇਂ ਪ੍ਰਧਾਨਾਂ ਨੇ ਜਥੇਬੰਦੀ ਦੀ ਜ਼ਿੰਮੇਵਾਰੀ ਮਿਲਣ ’ਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਟਵਾਰੀਆਂ ਦੀਆਂ ਆਸਾਂ ’ਤੇ ਖਰਾ ਉਤਰਨ ਤੇ ਯੂਨੀਅਨ ਨੂੰ ਮਜ਼ਬੂਤ ਬਣਾਉਣ ਲਈ ਯਤਨਸ਼ੀਲ ਰਹਿਣਗੇ।