- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰਾਂ ਦੀ ਅਣਦੇਖੀ ਤੇ ਕੁਦਰਤ ਦੀ ਮਾਰ ਨਾਲ ਦੇਸ਼ ਦਾ ਅੰਨਦਾਤਾ ਹੋਇਆ ਪਰੇਸ਼ਾਨ-ਕਿਸਾਨ ਆਗੂ

-ਝੋਨੇ ਦੀ ਖ਼ਰੀਦ ਬੰਦ ਹੋਣ ਨਾਲ ਮੰਡੀਆਂ ’ਚ ਰੁਲ਼ ਰਿਹੈ ਕਿਸਾਨ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਦੇਸ਼ ਦਾ ਅੰਨਦਾਤਾ ਕਿਸਾਨ ਸਰਕਾਰਾਂ ਦੀ ਅਣਦੇਖੀ ਤੇ ਕੁਦਰਤ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਉਸ ਨੂੰ ਆਰਥਿਕ ਸੰਕਟ ’ਚੋਂ ਲੰਘਣਾ ਪੈ ਰਿਹਾ ਹੈ। ਆਲੂਆਂ ਦੇ ਲੰਘੇ ਪਿਛਲੇ ਸੀਜ਼ਨ ’ਚ ਆਲੂ ਨਾ ਵਿਕਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਤੇ ਹੁਣ ਸਰਕਾਰਾਂ ਦੀ ਅਣਦੇਖੀ ਕਰਕੇ ਮੰਡੀਆਂ ’ਚ ਝੋਨਾ ਵੇਚਣ ’ਚ ਕਿਸਾਨਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦੁਆਬਾ ਇਲਾਕੇ ਦੇ ਆਲੂ ਕਾਸ਼ਤਕਾਰਾਂ ਤੇ ਪ੍ਰਮੁੱਖ ਕਿਸਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ। ਪੰਜਾਬੀ ਜਾਗਰਣ ਟੀਮ ਵੱਲੋਂ ਦੁਆਬਾ ਇਲਾਕੇ ਦੇ ਪ੍ਰਮੁੱਖ ਕਿਸਾਨਾਂ ਤਰਲੋਚਨ ਸਿੰਘ ਸੰਘਾ, ਅਮਰਜੀਤ ਸਿੰਘ ਸੰਘਾ, ਮੁਖਤਿਆਰ ਸਿੰਘ ਹੇਅਰ, ਜਵਾਹਰ ਲਾਲ ਖੁੰਗਰ, ਅਵਤਾਰ ਸਿੰਘ ਭੋਲਾ, ਜੁਗਰਾਜ ਸਿੰਘ ਜੱਗੀ, ਹਰਕੰਵਲ ਸਿੰਘ ਮੁੱਧ, ਸੁਰਜੀਤ ਸਿੰਘ ਹੇਅਰ, ਗੁਰਪ੍ਰੀਤ ਸਿੰਘ ਮੁੱਧ, ਬਲਵੀਰ ਸਿੰਘ ਸਹਿਮ, ਜਸਵਿੰਦਰ ਸਿੰਘ ਹੇਅਰ, ਅਵਤਾਰ ਸਿੰਘ ਮੱਲੀ, ਭੁਪਿੰਦਰ ਸਿੰਘ ਹੁੰਦਲ, ਨੰਬਰਦਾਰ ਬਲਵੀਰ ਸਿੰਘ ਹੁੰਦਲ ਤੇ ਵੱਖ-ਵੱਖ ਕਿਸਾਨਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਦੱਸਿਆ ਕਿ ਪਿਛਲੇ ਆਲੂਆਂ ਦੇ ਲੰਘੇ ਸੀਜ਼ਨ ਮੌਕੇ ਆਲੂਆਂ ਦਾ ਸਹੀ ਭਾਅ ਨਾ ਮਿਲਣ ਕਾਰਨ ਆਲੂ ਸਟੋਰਾਂ ’ਚ ਹੀ ਜਮ੍ਹਾਂ ਰਹੇ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਤੇ ਇੱਥੋਂ ਤੱਕ ਕਿ ਸਟੋਰਾਂ ਦਾ ਕਿਰਾਇਆ ਵੀ ਪੱਲਿਓਂ ਦੇਣਾ ਪੈ ਰਿਹਾ ਹੈ। ਹੁਣ ਝੋਨੇ ਦੇ ਸੀਜ਼ਨ ਮੌਕੇ ਮੌਸਮ ’ਚ ਨਮੀ ਹੋਣ ਕਰਕੇ ਝੋਨੇ ਦੀ ਫਸਲ ਮੰਡੀਆਂ ’ਚ ਲੇਟ ਪੁੱਜੀ ਤੇ ਸਰਕਾਰ ਵੱਲੋਂ ਤੈਅ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਪੇਸ਼ ਆਈਆਂ ਤੇ ਉਨ੍ਹਾਂ ਨੂੰ ਸਰਕਾਰੀ ਭਾਅ ’ਤੇ ਝੋਨਾ ਦੇਣ ਦੀ ਬਜਾਏ ਸਸਤੇ ਭਾਅ ’ਤੇ ਝੋਨਾ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਨਾਲ ਧੱਕਾ ਕਰਦੀਆਂ ਆਈਆਂ ਹਨ ਉੱਥੇ ਹੀ ਕਿਸਾਨਾਂ ਨੂੰ ਕੁਦਰਤੀ ਮਾਰਾਂ ਵੀ ਝੱਲਣੀਆਂ ਪੈ ਰਹੀਆਂ ਹਨ। ਕਿਸਾਨਾਂ ਨੇ ਝੋਨੇ ਦੇ ਸੀਜ਼ਨ ਮੌਕੇ ਸਰਕਾਰ ਦੀ ਇਸ ਅਣਦੇਖੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਦਿਨ ਰਾਤ ਖੇਤਾਂ ’ਚ ਮਿਹਨਤ ਕਰਕੇ ਆਪਣੀ ਫ਼ਸਲ ਨੂੰ ਪਾਲਦਾ ਹੈ ਤਾਂ ਕਿ ਉਸ ਨੂੰ ਉਸਦਾ ਸਹੀ ਮੁੱਲ ਮਿਲ ਸਕੇ। ਕਿਸਾਨ ਆਗੂਆਂ ਨੇ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਜਿੱਥੇ ਸਾਰੇ ਦੇਸ਼ ਨੂੰ ਅੰਨ ਪਛਾਣ ’ਚ ਆਪਣਾ ਯੋਗਦਾਨ ਦਿੰਦਾ ਹੈ, ਉੱਥੇ ਸਰਕਾਰਾਂ ਨੂੰ ਵੀ ਕਿਸਾਨਾਂ ਦੀਆਂ ਫ਼ਸਲਾਂ ਦਾ ਸਹੀ ਭਾਅ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।