- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਟਰਸਾਈਕਲ ਤੇ ਸਕੂਟਰ ਦੀ ਟੱਕਰ, ਵੱਡਾ ਹਾਦਸਾ ਟਲਿਆ

-ਖ਼ਰਾਬ ਟ੍ਰੈਫਿਕ ਲਾਈਟਾਂ ਤੇ ਬੇਤਹਾਸ਼ਾ ਵਧੀਆਂ ਟਹਿਣੀਆਂ ਬਣੀਆਂ ਮੁਸੀਬਤ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਕੂਲ ਰੋਡ 'ਤੇ ਦੋ ਦੋ-ਪਹੀਆ ਵਾਹਨਾਂ ਵਿਚਾਲੇ ਜ਼ਬਰਦਸਤ ਟੱਕਰ ਤੋਂ ਬਾਅਦ ਵੱਡਾ ਹਾਦਸਾ ਟਲ਼ ਗਿਆ। ਇਹ ਹਾਦਸਾ ਛੋਟੀ ਬਾਰਾਦਰੀ ਵੱਲ ਜਾਣ ਵਾਲੇ ਮੋੜ ਨੇੜੇ ਵਾਪਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਟਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਬਾਈਕ ਦਾ ਮਾਮੂਲੀ ਨੁਕਸਾਨ ਹੋਇਆ। ਖੁਸ਼ਕਿਸਮਤੀ ਨਾਲ, ਦੋਵੇਂ ਵਾਹਨ ਚਾਲਕਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ, ਟੱਕਰ ਤੋਂ ਤੁਰੰਤ ਬਾਅਦ ਸਵੇਰ ਦੀ ਸੈਰ 'ਤੇ ਨਿਕਲੇ ਸਾਈਕਲ ਸਵਾਰ ਤੇ ਪੈਦਲ ਚੱਲਣ ਵਾਲੇ ਲੋਕਾਂ ਨੇ ਵਾਹਨ ਚਾਲਕਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਸੰਭਾਲਿਆ। ਦੋਵੇਂ ਧਿਰਾਂ ਵਿਚਾਲੇ ਬਹਿਸਬਾਜ਼ੀ ਵੀ ਹੋਈ, ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਆਪਸੀ ਸਹਿਮਤੀ ਨਾਲ ਵਿਵਾਦ ਸੁਲਝਾ ਲਿਆ, ਜਿਸ ਤਹਿਤ ਬਾਈਕ ਸਵਾਰ ਨੇ ਸਕੂਟਰ ਚਲਾ ਰਹੀ ਔਰਤ ਨੂੰ ਇਕ ਹਜ਼ਾਰ ਰੁਪਏ ਦਿੱਤੇ। ਸਥਾਨਕ ਲੋਕਾਂ ਨੇ ਇਸ ਹਾਦਸੇ ਲਈ ਸੜਕ 'ਤੇ ਟ੍ਰੈਫਿਕ ਪ੍ਰਬੰਧਨ ਦੀਆਂ ਖ਼ਾਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਕੂਲ ਰੋਡ 'ਤੇ ਲੱਗੀਆਂ ਟ੍ਰੈਫਿਕ ਲਾਈਟਾਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ। 'ਛੋਟੀ ਬਰਾਦਰੀ ਵੱਲ ਜਾਣ ਵਾਲੇ ਮੋੜ ਨੇੜੇ ਡਿਵਾਈਡਰ 'ਤੇ ਲੱਗੇ ਬੂਟਿਆਂ ਦੀਆਂ ਟਹਿਣੀਆਂ ਬਹੁਤ ਵਧ ਗਈਆਂ ਹਨ, ਜਿਸ ਕਾਰਨ ਸਾਹਮਣੇ ਤੋਂ ਆਉਂਦੇ ਵਾਹਨ ਦਿਖਾਈ ਨਹੀਂ ਦਿੰਦੇ ਤੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਮੌਕੇ 'ਤੇ ਲੋਕ ਜਿਨ੍ਹਾਂ ’ਚ ਰੁਬਲ ਸਿੰਘ, ਮਹੇਸ਼ ਕੁਮਾਰ ਤੇ ਸਮਾਜ-ਸੇਵੀ ਸੰਜੀਵ ਦੇਵ ਸ਼ਰਮਾ ਸ਼ਾਮਲ ਹਨ, ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖਰਾਬ ਟ੍ਰੈਫਿਕ ਲਾਈਟਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਨੇ ਡਿਵਾਈਡਰ 'ਤੇ ਵਧੀਆਂ ਹੋਈਆਂ ਟਹਿਣੀਆਂ ਨੂੰ ਕੱਟਣ ਦੀ ਵੀ ਅਪੀਲ ਕੀਤੀ ਹੈ, ਤਾਂ ਜੋ ਵਾਹਨ ਚਾਲਕਾਂ ਨੂੰ ਸੜਕ ਸਾਫ਼ ਦਿਖਾਈ ਦੇਵੇ ਤੇ ਹਾਦਸੇ ਨਾ ਵਾਪਰਨ।