- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਫ਼ ਮਿਨਿਸਟਰ ਪੰਜਾਬ ਭਗਵੰਤ ਮਾਨ ਦੇ ਸਵਾਗਤ ਲਈ ਪ੍ਰਸ਼ਾਸਨ ਤੇ ਲੋਕ ਪੱਬਾਂ ਭਾਰ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆ ਖ਼ਾਸ : ਨੇੜਲੇ ਪਿੰਡ ਨਵਾਂ ਪਿੰਡ ਦੋਨੇਵਾਲ ’ਚ ਲੋਕ ਮਿਲਣੀ ਪ੍ਰੋਗਰਾਮ ਦੇ ਅਧੀਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅੱਜ ਦੁਪਹਿਰੇ ਪਹੁੰਚ ਰਹੇ ਹਨ ਜਿੱਥੇ ਉਹ ਲੋਕਾਂ ਨਾਲ ਮਿਲ ਕੇ ਦੁੱਖ-ਤਕਲੀਫਾਂ ਸੁਣਨਗੇ, ਉੱਥੇ ਲੋਕਾਂ ਦੀਆਂ ਸਾਂਝੀਆਂ ਮੰਗਾਂ ਦਾ ਹੱਲ ਵੀ ਕਰ ਸਕਦੇ ਹਨ। ਭਗਵੰਤ ਮਾਨ ਦੀ ਪਿੰਡ ਵਿਚ ਪਾਈ ਜਾਣ ਵਾਲੀ ਫੇਰੀ ਨੂੰ ਲੈ ਕੇ ਪਿੰਡ ਵਾਸੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਸੀ ਕਿ ਸਾਡੇ ਇਲਾਕੇ ’ਚ ਕੋਈ ਵੱਡਾ ਹਸਪਤਾਲ ਵੀ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਮੈਡੀਕਲ ਦੀਆਂ ਸਹੂਲਤਾਂ ਲਈ ਘੱਟ ਤੋਂ ਘੱਟ 60-65 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਤੇ ਬਾਕੀ ਦੇ ਵੱਡੇ ਹਸਪਤਾਲ ਇਸ ਤੋਂ ਵਧੇਰੀ ਦੂਰੀ ’ਤੇ ਹੀ ਸਥਿਤ ਹਨ। ਇਸ ਲਈ ਹੋ ਸਕਦਾ ਹੈ ਕਿ ਉਹ ਕੋਈ ਵੱਡਾ ਹਸਪਤਾਲ ਹੀ ਮਨਜ਼ੂਰ ਕਰ ਦੇਣ। ਹਰ ਸਾਲ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਕੋਈ ਪੱਕਾ ਹੱਲ ਵੀ ਕੀਤਾ ਜਾਣਾ ਉਨ੍ਹਾਂ ਦੇ ਵੱਸ ਦੀ ਗੱਲ ਹੈ। ਇੱਕ ਵੇਲੇ ਤਾਂ ਉਨ੍ਹਾਂ ਨੇ ਮੈਡੀਕਲ ਕਾਲਜ ਦੀ ਮਨਜ਼ੂਰੀ ਦੀ ਗੱਲ ਵੀ ਕਹਿ ਦਿੱਤੀ। ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਪੁਲਿਸ ਦੇ ਮੁਲਾਜ਼ਮ, ਪਿੰਡ ’ਚ ਸਥਿਤ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਹੀ ਪਹੁੰਚ ਜਾਂਦੇ ਸਨ ਤੇ ਉੱਥੇ ਮੌਜੂਦ ਸਥਾਨਕ ਥਾਣੇ ਦੇ ਮੁਲਾਜ਼ਮਾਂ ਤੋਂ ਪਤਾ ਕਰਕੇ ਪੰਡਾਲ ਵਾਲੀ ਥਾਂ ਨੂੰ ਚਲੇ ਜਾਂਦੇ ਸਨ। ਸਥਾਨਕ ਥਾਣੇ ਦੇ ਐੱਸਐੱਚਓ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ 600 ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਹੱਥ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਹੈ, ਜਦਕਿ ਸਾਡੇ ਘਰ ਤਾਂ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਜਿਸ ਲਈ ਜਵਾਨਾਂ ਦੇ ਤਾਂ ਪੈਰ ਜ਼ਮੀਨ ’ਤੇ ਨਹੀਂ ਲੱਗਦੇ। ਸਥਾਨਕ ਸਬ-ਤਹਿਸੀਲ ਦੇ ਦਫ਼ਤਰ ’ਚ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਸਮਾਗਮ ਦੀ ਸਫ਼ਲਤਾ ਲਈ ਉਚੇਚੇ ਕਦਮ ਚੁੱਕੇ ਜਾਣ ਲਈ ਮੁਨਾਸਿਬ ਹਦਾਇਤਾਂ ਜਾਰੀ ਕੀਤੀਆਂ ਜਾਣ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਸਨ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਫੇਰੀ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ, ਸਬੰਧਿਤ ਮੁਲਾਜ਼ਮ ਤੇ ਲੋਕ ਇਸ ਮਿਲਣੀ ਦੇ ਸਮਾਗਮ ਨੂੰ ਕਿਸੇ ਨਵੀਂ ਉਚਾਈ ’ਤੇ ਪਹੁੰਚਾਉਣ ਲਈ ਸਿਰ-ਤੋੜ ਯਤਨ ਕਰ ਰਹੇ ਹਨ।