ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ 'ਤੇ ਭੜਕੇ ਕਿਸਾਨ ਜਮਸ਼ੇਰ ਖੇੜਾ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖਰੀਦ ਬੰਦ ਹੋਣ 'ਤੇ ਕਿਸਾਨਾਂ ਦਾ ਫੁੱਟਿਆ ਗੁੱਸਾ
Publish Date: Tue, 17 Nov 2026 09:29 PM (IST)
Updated Date: Wed, 18 Nov 2026 04:07 AM (IST)
-ਵਿਧਾਇਕ ਤੇ ਹਲਕਾ ਮੁਖੀ ਦੀ ਕੋਠੀ ਘੇਰਨ ਦੀ ਵੀ ਦਿੱਤੀ ਚਿਤਾਵਨੀ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਹਲਕਾ ਜਲੰਧਰ ਕੈਂਟ ਅਧੀਨ ਆਉਂਦੀ ਜਮਸ਼ੇਰ ਖੇੜਾ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸਮੇਂ ਤੋਂ ਪਹਿਲਾਂ ਬੰਦ ਕੀਤੇ ਜਾਣ ਦੇ ਵਿਰੋਧ ’ਚ ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ‘ਆਪ’ ਦੀ ਸਰਕਾਰ ਤੇ ਨਿਸ਼ਾਨਾ ਲਾਇਆ ਕਿ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਰਾਹੀਂ ਝੋਨੇ ਦੇ ਦਾਣੇ-ਦਾਣੇ ਦੀ ਖ਼ਰੀਦ ਕਰਨ ਦੇ ਵੱਡੇ-ਵੱਡੇ ਦਾਅਵੇ ਜਾਰੀ ਹਨ ਪਰ ਜ਼ਮੀਨੀ ਹਕੀਕਤ ਇਸਦੇ ਬਿਲਕੁਲ ਉਲਟ ਹੈ। ਮੰਡੀਆਂ ’ਚ ਕਿਸਾਨਾਂ ਦੀ ਮਿਹਨਤ ਨਾਲ ਪਾਲੀ ਹੋਈ ਫ਼ਸਲ ਰੁਲ ਰਹੀ ਹੈ ਤੇ ਅੰਨਦਾਤਾ ਖੱਜਲ-ਖੁਆਰ ਹੋ ਰਿਹਾ ਹੈ। ਕਿਸਾਨ ਆਗੂਆਂ ਅਨੁਸਾਰ ਸਰਕਾਰੀ ਖ਼ਰੀਦ ਬੰਦ ਹੋਣ ਕਾਰਨ ਕਿਸਾਨ ਝੋਨਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨਾਲੋਂ ਤਕਰੀਬਨ ਅੱਧੇ ਭਾਅ ਤੇ ਵੇਚਣ ਲਈ ਮਜਬੂਰ ਹਨ, ਜੋ ਕਿ ਕਿਸਾਨਾਂ ਦੀ ਸਿੱਧੀ ਆਰਥਿਕ ਲੁੱਟ ਹੈ। ਇਸ ਦੌਰਾਨ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਇਕ-ਦੋ ਦਿਨਾਂ ’ਚ ਮੰਡੀਆਂ ’ਚ ਪਏ ਝੋਨੇ ਦੀ ਖ਼ਰੀਦ ਤੇ ਲਿਫਟਿੰਗ ਸ਼ੁਰੂ ਨਾ ਕੀਤੀ, ਤਾਂ ਉਹ ਇਲਾਕੇ ਦੇ ਮੌਜੂਦਾ ਵਿਧਾਇਕ ਤੇ ਹਲਕਾ ਇੰਚਾਰਜ ਦੀ ਕੋਠੀ ਦੇ ਬਾਹਰ ਝੋਨੇ ਨਾਲ ਭਰੀਆਂ ਟਰਾਲੀਆਂ ਲਾ ਕੇ ਪੱਕਾ ਧਰਨਾ ਸ਼ੁਰੂ ਕਰਨਗੇ, ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਰੋਸ ਮੁਜ਼ਾਹਰੇ ’ਚ ਭਾਕਿਯੂ ਦੁਆਬਾ ਜਲੰਧਰ ਛਾਉਣੀ ਬਲਾਕ ਪ੍ਰਧਾਨ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ, ਜ਼ੈਲਦਾਰ ਅਮਰਦੀਪ ਸਿੰਘ ਬਾਹੀਆ, ਬਿੰਦਾ ਕੁੱਕੜ ਪਿੰਡ, ਆੜ੍ਹਤੀਆ ਐਸੋਸੀਏਸ਼ਨ ਵੱਲੋਂ ਬਿੱਟੂ ਆੜ੍ਹਤੀਆ, ਹਰਿੰਦਰ ਸਿੰਘ ਬਿੱਟੂ ਸ਼ਾਹ (ਸਾਬਕਾ ਸਰਪੰਚ ਜਮਸ਼ੇਰ), ਗੁਰਪ੍ਰੀਤ ਸਿੰਘ ਸ਼ੇਰਗਿੱਲ, ਅਮਨਦੀਪ ਸਿੰਘ ਮਾਨ, ਕਰਮਜੀਤ ਸਿੰਘ, ਗੁਰਸ਼ਰਨ ਸਿੰਘ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਕੁਲਬੀਰ ਸਿੰਘ ਮਾਨ, ਦਲਵੀਰ ਸਿੰਘ, ਲਹਿੰਬਰ ਸਿੰਘ ਖੇੜਾ, ਹਰਜੀਤ ਸਿੰਘ ਸ਼ੇਰਗਿੱਲ, ਬਲਰਾਜ ਸਿੰਘ ਖੇੜਾ ਤੇ ਰਜਿੰਦਰ ਸਿੰਘ ਫਰਾਲਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।