- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਪ’ ਨੇ ਬੀਜੇਪੀ ਤੇ ਕਾਂਗਰਸ ’ਚ ਲਾਈ ਸੰਨ੍ਹ, ਤਿੰਨ ਆਗੂ ਪਾਰਟੀ ’ਚ ਸ਼ਾਮਲ

-ਭਾਯੁਮੋ ਪ੍ਰਸ਼ਾਂਤ ਗੰਭੀਰ, ਸਾਬਕਾ ਡੀਐੱਸਪੀ ਸੁਰਿੰਦਰ ਧੋਗੜੀ ਤੇ ਮਾਈਕ ਖੋਸਲਾ ਨੇ ਫੜ੍ਹਿਆ ‘ਆਪ’ ਦਾ ਪੱਲਾ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਦੀ ਸਿਆਸਤ ਵਿੱਚ ਪਾਰਟੀਆਂ ਵਿਚਕਾਰ ਆਗੂਆਂ ਨੂੰ ਆਪਣੇ ਨਾਲ ਜੋੜਨ ਦੀ ਕਵਾਇਦ ਤੇਜ਼ ਹੋ ਗਈ ਹੈ। ਇਸੇ ਦੌਰਾਨ ‘ਆਪ’ ਨੇ ਭਾਜਪਾ ਤੇ ਕਾਂਗਰਸ ਦੇ ਤਿੰਨ ਅਹਿਮ ਚਿਹਰਿਆਂ ਨੂੰ ਆਪਣੇ ਨਾਲ ਜੋੜਿਆ ਹੈ। ਭਾਜਪਾ ਯੁਵਾ ਮੋਰਚਾ ਦੇ ਸੀਨੀਅਰ ਸੂਬਾ ਆਗੂ ਪ੍ਰਸ਼ਾਂਤ ਗੰਭੀਰ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਐੱਸਪੀ ਸੁਰਿੰਦਰ ਧੋਗੜੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਦੀ ਮੈਂਬਰਸ਼ਿਪ ਹਾਸਲ ਕੀਤੀ। ਉੱਧਰ ਜਲੰਧਰ ਨੌਰਥ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮਾਈਕ ਖੋਸਲਾ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੂੰ ਸਾਬਕਾ ਮੰਤਰੀ ਅਵਤਾਰ ਹੈਨਰੀ ਦਾ ਕਰੀਬੀ ਮੰਨਿਆ ਜਾਂਦਾ ਹੈ। ਤਿੰਨਾਂ ਆਗੂਆਂ ਦੀ ਸ਼ਮੂਲੀਅਤ ਨਾਲ ਜਲੰਧਰ ਦੀ ਸਿਆਸਤ ’ਚ ਨਵੇਂ ਸਮੀਕਰਨ ਬਣਨ ਦੀ ਚਰਚਾ ਸ਼ੁਰੂ ਹੋ ਗਈ ਹੈ।
-ਭਾਜਪਾ ਯੁਵਾ ਮੋਰਚਾ ਦੇ ਆਗੂ ਨੇ ਛੱਡਿਆ ਸਾਥ
ਪ੍ਰਸ਼ਾਂਤ ਗੰਭੀਰ ਭਾਜਪਾ ਯੁਵਾ ਮੋਰਚਾ ਦੇ ਸੀਨੀਅਰ ਸੂਬਾ ਆਗੂ ਰਹਿ ਚੁੱਕੇ ਹਨ। ਉਨ੍ਹਾਂ ਦਾ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਣਾ ਜਲੰਧਰ ਦੀ ਸਿਆਸਤ ’ਚ ਅਹਿਮ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਪਾਰਟੀ ’ਚ ਸ਼ਾਮਲ ਕਰਵਾਇਆ। ਪ੍ਰਸ਼ਾਂਤ ਗੰਭੀਰ ਅਨੁਸਾਰ ਪੰਜਾਬ ’ਚ ਮੁੱਖ ਮੰਤਰੀ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ‘ਆਪ’ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ।
-ਸੇਵਾਮੁਕਤੀ ਤੋਂ ਬਾਅਦ ਸਿਆਸਤ ’ਚ ਉਤਰੇ ਸਾਬਕਾ ਡੀਐੱਸਪੀ ਧੋਗੜੀ
ਪੰਜਾਬ ਪੁਲਿਸ ਦੇ ਸਾਬਕਾ ਡੀਐੱਸਪੀ ਸੁਰਿੰਦਰ ਧੋਗੜੀ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਦਾ ਪੱਲਾ ਫੜ ਲਿਆ ਹੈ। ਉਹ ਕੁਝ ਸਮਾਂ ਪਹਿਲਾਂ ਹੀ ਡੀਐੱਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਪੁਲਿਸ ਵਿਭਾਗ ’ਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਤੋਂ ਬਾਅਦ ਉਨ੍ਹਾਂ ਦੀ ਸਿਆਸਤ ’ਚ ਆਉਣ ਦੀ ਦਿਲਚਸਪੀ ਸੀ। ਹੁਣ ਉਨ੍ਹਾਂ ਨੇ ‘ਆਪ’ ਨਾਲ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਹੈ।
-ਕਾਂਗਰਸ ਨੂੰ ਝਟਕਾ, ਮਾਈਕ ਖੋਸਲਾ ਨੇ ਛੱਡੀ ਪਾਰਟੀ
ਜਲੰਧਰ ਨੌਰਥ ਦੀ ਸਿਆਸਤ ’ਚ ਮਾਈਕ ਖੋਸਲਾ ਦਾ ਕਾਂਗਰਸ ਛੱਡਣਾ ਵੀ ਅਹਿਮ ਘਟਨਾ ਹੈ। ਉਹ 40 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਨੂੰ ਸਾਬਕਾ ਮੰਤਰੀ ਅਵਤਾਰ ਹੈਨਰੀ ਦਾ ਸੱਜਾ ਹੱਥ ਮੰਨਿਆ ਜਾਂਦਾ ਰਿਹਾ ਹੈ। ਉਹ ਸਾਬਕਾ ਕੌਂਸਲਰ ਦੇ ਪਤੀ ਰਹਿ ਚੁੱਕੇ ਹਨ ਤੇ ਮੌਜੂਦਾ ਸਮੇਂ ਕਾਂਗਰਸ ਦੇ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਸਨ। ਮਾਈਕ ਖੋਸਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ‘ਆਪ’ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਉਨ੍ਹਾਂ ਦਾ ‘ਆਪ’ ਦੇ ਪਰਿਵਾਰ ’ਚ ਸਵਾਗਤ ਹੋਇਆ। ਚਾਰ ਦਹਾਕਿਆਂ ਤੋਂ ਕਾਂਗਰਸ ਨਾਲ ਜੁੜੇ ਆਗੂ ਵੱਲੋਂ ਪਾਰਟੀ ਛੱਡਣ ਨੂੰ ਨੌਰਥ ਹਲਕੇ ਦੇ ਸਿਆਸੀ ਹਾਲਾਤ ਰਾਹੀਂ ਅਹਿਮ ਮੰਨਿਆ ਜਾ ਰਿਹਾ ਹੈ।
-ਚੋਣਾਂ ਤੋਂ ਪਹਿਲਾਂ ਦਲ-ਬਦਲੀ ਨੇ ਵਧਾਈ ਹਲਚਲ
ਜਲੰਧਰ ’ਚ ਭਾਜਪਾ ਤੇ ਕਾਂਗਰਸ ਨਾਲ ਸਬੰਧਤ ਤਿੰਨ ਵੱਖ-ਵੱਖ ਪਿਛੋਕੜ ਵਾਲੇ ਚਿਹਰਿਆਂ ਦਾ ‘ਆਪ’ ਚ ਸ਼ਾਮਲ ਹੋਣਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਨੂੰ ਹੋਰ ਤੇਜ਼ ਕਰੇਗਾ। ਪ੍ਰਸ਼ਾਂਤ ਗੰਭੀਰ ਦਾ ਯੁਵਾ ਮੋਰਚੇ ਨਾਲ ਸਬੰਧ, ਸੁਰਿੰਦਰ ਧੋਗੜੀ ਦਾ ਪੁਲਿਸ ਵਿਭਾਗ ’ਚ ਤਜਰਬਾ ਤੇ ਮਾਈਕ ਖੋਸਲਾ ਦੀ ਕਾਂਗਰਸ ਨਾਲ ਚਾਰ ਦਹਾਕਿਆਂ ਦੀ ਸਾਂਝ ਉਨ੍ਹਾਂ ਦੀ ਵੱਖਰੀ ਪਛਾਣ ਰਹੀ ਹੈ। ਹੁਣ ਇਹ ਰੌਚਕ ਹੋਵੇਗਾ ਕਿ ਇਨ੍ਹਾਂ ਨਵੇਂ ਆਗੂਆਂ ਦੀ ਸ਼ਮੂਲੀਅਤ ਨਾਲ ‘ਆਪ’ ਨੂੰ ਜਲੰਧਰ ’ਚ ਕਿੰਨਾ ਸਿਆਸੀ ਲਾਭ ਮਿਲਦਾ ਹੈ ਤੇ ਭਾਜਪਾ ਅਤੇ ਕਾਂਗਰਸ ਜਥੇਬੰਦਕ ਆਧਾਰ ਨੂੰ ਮਜ਼ਬੂਤ ਕਰਨ ਲਈ ਕੀ ਉਪਰਾਲਾ ਕਰਦੀਆਂ ਹਨ।