- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਹਾਈਟਸ-1 ਵਿਖੇ ਪੂਰੀ ਸ਼ਰਧਾ ਤੇ ਭਾਵਨਾ ਨਾਲ ਸ਼੍ਰੀ ਰਾਮ ਕਥਾ ਦਾ ਆਯੋਜਨ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਹਾਈਟਸ-1, ਜਲੰਧਰ ਵਿਖੇ ਪਵਿੱਤਰ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਧਾਰਮਿਕ ਸਮਾਗਮ ’ਚ ਜਲੰਧਰ ਹਾਈਟਸ-1 ਤੇ ਏਜੀਆਈ ਦੀਆਂ ਹੋਰ ਰਿਹਾਇਸ਼ੀ ਸੁਸਾਇਟੀਆਂ ਦੇ ਵਸਨੀਕ ਵੱਡੀ ਗਿਣਤੀ ’ਚ ਪੂਰੀ ਸ਼ਰਧਾ, ਵਿਸ਼ਵਾਸ ਤੇ ਉਤਸ਼ਾਹ ਨਾਲ ਸ਼ਾਮਲ ਹੋ ਰਹੇ ਹਨ। ਵਰਿੰਦਾਵਨ ਤੋਂ ਪੁੱਜੇ ਆਚਾਰਿਆ ਪੰਡਿਤ ਵਿਮਲ ਕ੍ਰਿਸ਼ਨ ਪਾਠਕ ਜੀ ਸ਼੍ਰੀ ਰਾਮ ਕਥਾ ਸੁਣਾ ਰਹੇ ਹਨ। ਉਹ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਚਰਿੱਤਰ, ਤਿਆਗ ਤੇ ਸਿੱਖਿਆਵਾਂ ਬਾਰੇ ਸਮਝਾ ਰਹੇ ਹਨ। ਧਾਰਮਿਕ ਪ੍ਰਵਚਨਾਂ ਰਾਹੀਂ ਆਚਾਰਿਆ ਜੀ ਸੱਚ ਦੇ ਰਾਹ ’ਤੇ ਚੱਲਣ, ਚੰਗੇ ਕੰਮ ਕਰਨ, ਅਨੁਸ਼ਾਸਨ ਰੱਖਣ, ਵੱਡਿਆਂ ਦਾ ਸਤਿਕਾਰ ਕਰਨ, ਆਪਣੇ ਫਰਜ਼ ਨਿਭਾਉਣ, ਤਿਆਗ ਤੇ ਦਇਆ ਭਾਵਨਾ ਰੱਖਣ ਦਾ ਸੁਨੇਹਾ ਦੇ ਰਹੇ ਹਨ। ਭਗਵਾਨ ਸ਼੍ਰੀ ਰਾਮ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਔਖੇ ਸਮੇਂ ’ਚ ਵੀ ਸੰਸਕਾਰ ਨਹੀਂ ਛੱਡਣੇ ਚਾਹੀਦੇ, ਹਰ ਰਿਸ਼ਤੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਸੱਚਾਈ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ। ਏਜੀਆਈ ਇੰਫਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਵੀ ਕਥਾ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਪਰਿਵਾਰਾਂ ਤੇ ਸਮਾਜ ਦੇ ਲੋਕਾਂ ਨੂੰ ਆਪਸ ’ਚ ਜੋੜਦੇ ਹਨ। ਸ਼੍ਰੀ ਰਾਮ ਕਥਾ ਜਲੰਧਰ ਹਾਈਟਸ-1 ਦੇ ਵਾਈ ਬਲਾਕ ਲਾਊਂਜ ’ਚ 21 ਨਵੰਬਰ ਤੱਕ ਜਾਰੀ ਰਹੇਗੀ। ਕਥਾ ਦਾ ਸਮਾਂ ਸ਼ਾਮ 6 ਤੋਂ ਰਾਤ 9 ਵਜੇ ਤੱਕ ਹੈ। ਪ੍ਰਬੰਧਕ ਦੀਪਕ ਬਜਾਜ ਤੇ ਵਿਕਾਸ ਕਾਲੜਾ ਨੇ ਏਜੀਆਈ ਇਨਫਰਾ ਲਿਮਿਟਿਡ ਤੇ ਇਸ ਦੇ ਮੈਨੇਜਮੈਂਟ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਦੀਪਕ ਬਜਾਜ ਨੇ ਏਜੀਆਈ ਇਨਫਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸਮਾਗਮ ਲਈ ਪੂਰਾ ਸਹਿਯੋਗ ਦਿੱਤਾ।