- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਜਲੰਧਰ ਤੋਂ 2,558 ਕਿਲੋਮੀਟਰ ਲੰਬੀ 'ਸਮਰਸਤਾ ਸੰਕਲਪ ਯਾਤਰਾ' ਨੂੰ ਦਿਖਾਉਣਗੇ ਹਰੀ ਝੰਡੀ

-ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ, ਭਗਤੀ ਤੇ ਮਨੁੱਖਤਾ ਦੇ ਸੁਨੇਹੇ ਨੂੰ ਕਰੋੜਾਂ ਲੋਕਾਂ ਤੱਕ ਪਹੁੰਚਾਉਣਾ ਮੁੱਖ ਉਦੇਸ਼
ਤੇਜਿਦੰਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ :
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਜਲੰਧਰ ਤੋਂ ਦੇਸ਼ ਵਿਆਪੀ 'ਸਮਰਸਤਾ ਸੰਕਲਪ ਯਾਤਰਾ' ਨੂੰ ਰਸਮੀ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਨਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 16 ਦਿਨਾਂ ਦੀ 2,558 ਕਿਲੋਮੀਟਰ ਲੰਬੀ ਜਨ-ਸੰਪਰਕ ਯਾਤਰਾ ਦੀ ਸ਼ੁਰੂਆਤ ਹੋਵੇਗੀ। ਇਹ ਯਾਤਰਾ ਜਲੰਧਰ-ਪਠਾਨਕੋਟ ਹਾਈਵੇਅ 'ਤੇ ਡੇਰਾ ਸੱਚਖੰਡ ਬੱਲਾਂ ਨੇੜੇ ਸਥਿਤ ਪਿੰਡ ਰਾਏਪੁਰ ਤੋਂ ਸ਼ੁਰੂ ਹੋਵੇਗੀ ਅਤੇ 3 ਦਸੰਬਰ ਨੂੰ ਵਾਰਾਣਸੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਜਨਮ ਅਸਥਾਨ ਸ਼ੀਰ ਗੋਵਰਧਨਪੁਰ ਵਿਖੇ ਸਮਾਪਤ ਹੋਵੇਗੀ।
---
7 ਸੂਬਿਆਂ ’ਚ ਜਨ-ਸੰਪਰਕ, ਦੋ ਕਰੋੜ ਲੋਕਾਂ ਤੱਕ ਪੁੱਜਣ ਦਾ ਟੀਚਾ
ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਦਾ ਰੂਟ ਤੇ ਪ੍ਰੋਗਰਾਮ ਸਾਂਝਾ ਕਰਦਿਆਂ ਦੱਸਿਆ ਕਿ 'ਸਮਰਸਤਾ ਸੰਕਲਪ ਯਾਤਰਾ' ਦਾ ਮੁੱਖ ਉਦੇਸ਼ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਤੇ ਬਰਾਬਰਤਾ, ਭਗਤੀ, ਸਮਾਜਿਕ ਏਕਤਾ ਤੇ ਮਨੁੱਖਤਾ ਦੇ ਸਦੀਵੀ ਸੁਨੇਹੇ ਨੂੰ ਦੇਸ਼ ਭਰ ਦੇ ਦੋ ਕਰੋੜ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ। ਇਹ ਯਾਤਰਾ 7 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ 46 ਸ਼ਹਿਰਾਂ ’ਚੋਂ ਲੰਘੇਗੀ। ਇਸ ਦੌਰਾਨ ਰਸਤੇ ’ਚ 29 ਵੱਡੀਆਂ ਜਨ ਸਭਾਵਾਂ ਤੇ ਜ਼ਿਲ੍ਹਾ ਪੱਧਰ ਦੇ 27 ਪ੍ਰੋਗਰਾਮ ਹੋਣਗੇ।
-ਸੂਬੇ ’ਚ ਪੰਜ ਦਿਨਾਂ ਦੌਰਾਨ 17 ਜ਼ਿਲ੍ਹਿਆਂ ’ਚੋਂ 700 ਕਿਲੋਮੀਟਰ ਦਾ ਸਫ਼ਰ
ਪੰਜਾਬ ’ਚ ਇਹ ਯਾਤਰਾ ਅਗਲੇ ਪੰਜ ਦਿਨਾਂ ਦੌਰਾਨ 17 ਜ਼ਿਲ੍ਹਿਆਂ ’ਚੋਂ ਲੰਘਦਿਆਂ ਹੋਇਆਂ 700 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਤੋਂ ਬਾਅਦ ਚੰਡੀਗੜ੍ਹ ’ਚ ਦਾਖ਼ਲ ਹੋਵੇਗੀ। ਅੱਜ ਜਲੰਧਰ ਤੋਂ ਸ਼ੁਰੂ ਹੋਣ ਵਾਲੀ ਇਹ ਯਾਤਰਾ ਹੇਠ ਲਿਖੇ ਇਲਾਕਿਆਂ ਵਿੱਚੋਂ ਗੁਜ਼ਰੇਗੀ।
ਦੋਆਬਾ ਤੇ ਮਾਝਾ ਖੇਤਰ : ਹੁਸ਼ਿਆਰਪੁਰ, ਮੁਕੇਰੀਆਂ, ਪਠਾਨਕੋਟ, ਬਟਾਲਾ, ਅੰਮ੍ਰਿਤਸਰ ਤੇ ਤਰਨਤਾਰਨ।
ਮਾਲਵਾ ਅਤੇ ਪੁਆਧ ਖੇਤਰ : ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ, ਲੁਧਿਆਣਾ, ਰੋਪੜ ਤੇ ਮੋਹਾਲੀ ਤੋਂ ਹੁੰਦੀ ਹੋਈ ਇਹ ਯਾਤਰਾ ਚੰਡੀਗੜ੍ਹ ’ਚ ਦਾਖ਼ਲ ਹੋਵੇਗੀ।