22 ਨਵੰਬਰ ਦੇ ਨਕੋਦਰ ਧਰਨੇ 'ਚ ਹਜ਼ਾਰਾਂ ਕਿਸਾਨ ਹੋਣਗੇ ਸ਼ਾਮਲ : ਚਾਹਲ, ਬੱਲ 22 ਨਵੰਬਰ ਦੇ ਨਕੋਦਰ ਧਰਨੇ 'ਚ ਹਜ਼ਾਰਾਂ ਕਿਸਾਨ ਹੋਣਗੇ ਸ਼ਾਮਲ : ਚਾਹਲ, ਬੱਲ
Publish Date: Sun, 15 Nov 2026 07:48 PM (IST)
Updated Date: Mon, 16 Nov 2026 04:06 AM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ ਤੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ’ਚ ਕਿਹਾ ਕਿ ਡੀਐੱਸਪੀ ਨਕੋਦਰ ਦੇ ਦਫ਼ਤਰ ਅੱਗੇ 22 ਨਵੰਬਰ ਨੂੰ ਲੱਗਣ ਵਾਲੇ ਇਕ ਰੋਜ਼ਾ ਧਰਨੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਿਸਾਨ ਸ਼ਾਮਲ ਹੋਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਤਲਵੰਡੀ ਸਲੇਮ ਵਿਖੇ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਤੇ ਕਥਿਤ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਸਰਪੰਚ ਤੇ ਉਸ ਦੀ ਢਾਣੀ ਖਿਲਾਫ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਹੋਣ ਦੇ ਬਾਵਜੂਦ ਨਕੋਦਰ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਕਿਹਾ ਕਿ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਤੇ ਹਮਲਾ ਕਰਨ ਵਾਲੇ ਸਰਪੰਚ ਤੇ ਪਰਚਾ ਦਰਜ ਕਰਾਉਣ ਲਈ ਪਹਿਲਾਂ ਵੀ ਧਰਨਾ ਲਾਉਣਾ ਪਿਆ ਤੇ ਪੁਲਿਸ ਨੇ ਮਹੀਨੇ ਤੋਂ ਵੱਧ ਸਮਾਂ ਬੀਤਣ ਬਾਅਦ ਪਰਚਾ ਦਰਜ ਕੀਤਾ ਸੀ ਹੁਣ ਪਰਚਾ ਦਰਜ ਹੋਏ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ’ਚ ਨਕੋਦਰ ਹਲਕੇ ਦੀ ਵਿਧਾਇਕਾ ਦੋਸ਼ੀਆਂ ਦੀ ਪਿੱਠ ਤੇ ਖੜ੍ਹੀ ਹੈ, ਜਿਸ ਕਰ ਕੇ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਿਹਾ। ਉਨਾਂ ਦੱਸਿਆ ਕਿ ਕਿਸਾਨਾਂ ਤੋਂ ਬਿਨਾਂ ਮਜ਼ਦੂਰ ਜਥੇਬੰਦੀਆਂ, ਤਰਕਸ਼ੀਲ, ਜਮਹੂਰੀ ਕਾਮੇ ਤੇ ਲੇਖਕ ਜਥੇਬੰਦੀਆਂ ਵੀ 22 ਨਵੰਬਰ ਦੇ ਧਰਨੇ ’ਚ ਸ਼ਾਮਲ ਹੋਣਗੀਆਂ।