- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੱਠ ਮਹਾਉਤਸਵ ਨੇ ਦਿੱਤਾ ਏਕਤਾ ਤੇ ਭਾਈਚਾਰੇ ਦਾ ਸੰਦੇਸ਼, ਬੇਅੰਤ ਸਿੰਘ ਪਾਰਕ ਵਿਖੇ ਸ਼ਰਧਾਲੂਆਂ ਦਾ ਉਮੜਿਆ ਜਨਸੈਲਾਬ

- ਮੇਅਰ ਵਿਨੀਤ ਧੀਰ ਨੇ ਕਿਹਾ, ਸਰਕਾਰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ
- ‘ਆਪ’ ਆਗੂ ਸੁਸ਼ੀਲ ਤਿਵਾੜੀ ਨੇ ਛੱਠ ਮਹਾਪੁਰਬ ਨੂੰ ਆਸਥਾ, ਏਕਤਾ ਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਦੱਸਿਆ
ਸ਼ੈਲੀ, ਪੰਜਾਬੀ ਜਾਗਰਣ
ਜਲੰਧਰ : ਫੋਕਲ ਪੁਆਇੰਟ ਸਬਜ਼ੀ ਮੰਡੀ ਸਾਹਮਣੇ ਸਥਿਤ ਬੇਅੰਤ ਸਿੰਘ ਪਾਰਕ ਵਿਖੇ ਛੱਠ ਪੂਜਾ ਕਮੇਟੀ ਤੇ ਅਸ਼ਟਯਾਮ ਕਮੇਟੀ ਵੱਲੋਂ ਛੱਠ ਮਹਾਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰ ਕੇ ਛੱਠੀ ਮਈਆ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ। ਸਮੁੱਚਾ ਮਾਹੌਲ ਭਗਤੀਮਈ ਰਿਹਾ ਤੇ ਸੰਗਤ ’ਚ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਮੇਅਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਨੀਤ ਧੀਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਛੱਠ ਮਹਾਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਰਕਾਰ ਲੋਕਾਂ ਨਾਲ ਖੜ੍ਹੀ ਹੈ ਤੇ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾਂ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਛਠ ਮਹਾਪੁਰਬ ਆਸਥਾ, ਪਵਿੱਤਰਤਾ, ਅਨੁਸ਼ਾਸਨ ਤੇ ਕੁਦਰਤ ਪ੍ਰਤੀ ਸਤਿਕਾਰ ਦਾ ਪ੍ਰਤੀਕ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ’ਚ ਏਕਤਾ, ਭਾਈਚਾਰੇ ਤੇ ਆਪਸੀ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਇਸ ਮੌਕੇ ‘ਆਪ’ ਆਗੂ ਸੁਸ਼ੀਲ ਤਿਵਾੜੀ ਨੇ ਕਿਹਾ ਕਿ ਛਠ ਮਹਾਪੁਰਬ ਸਿਰਫ਼ ਧਾਰਮਿਕ ਆਸਥਾ ਦਾ ਤਿਉਹਾਰ ਹੀ ਨਹੀਂ, ਸਗੋਂ ਸਮਾਜਿਕ ਏਕਤਾ, ਸਮਰਪਣ ਤੇ ਸਾਡੀ ਅਮੀਰ ਲੋਕ-ਸੱਭਿਆਚਾਰਕ ਵਿਰਾਸਤ ਦੀ ਵੀ ਪਛਾਣ ਹੈ। ਛੱਠੀ ਮਈਆ ਦੀ ਪੂਜਾ ਸਾਨੂੰ ਕੁਦਰਤ ਦਾ ਸਤਿਕਾਰ ਕਰਨ, ਪਰਿਵਾਰ ਦੀ ਖੁਸ਼ਹਾਲੀ ਤੇ ਸਮਾਜ ਦੀ ਤਰੱਕੀ ਲਈ ਕਾਮਨਾ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਪਾਰਕ ਵਿਖੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੀ ਸ਼ਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਦੇ ਮਨਾਂ ’ਚ ਛੱਠ ਮਹਾਪਰਵ ਪ੍ਰਤੀ ਅਥਾਹ ਸ਼ਰਧਾ ਤੇ ਵਿਸ਼ਵਾਸ ਹੈ। ਉਨ੍ਹਾਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਕਮੇਟੀ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਕਮੇਟੀ ਦੇ ਪ੍ਰਧਾਨ ਸੰਦੀਪ ਸਿੰਘ, ਮੀਤ ਪ੍ਰਧਾਨ ਵਿਦਿਆਨੰਦ ਸਿੰਘ, ਜਨਰਲ ਸਕੱਤਰ ਪਿੰਟੂ ਸਿੰਘ, ਜੈ ਪ੍ਰਕਾਸ਼ ਸਿੰਘ, ਮਨੋਜ ਸਿੰਘ, ਵੀਰੇਂਦਰ ਸਿੰਘ, ਵਿਕਰਮ ਸਿੰਘ, ਰਮੇਸ਼ ਸਿੰਘ, ਈਸ਼ਵਰ ਦਿਆਲ ਸਿੰਘ, ਕਿਸ਼ੋਰ ਸਿੰਘ, ਸੰਜੇ ਸਿੰਘ, ਮੁਲਖਰਾਜ ਸਿੰਘ ਅਤੇ ਧਰਮਿੰਦਰ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ। ਕਮੇਟੀ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਮੇਅਰ ਵਿਨੀਤ ਧੀਰ ਦਾ ਸਵਾਗਤ ਕੀਤਾ ਗਿਆ ਤੇ ਸਮਾਗਮ ’ਚ ਸ਼ਮੂਲੀਅਤ ਕਰਕੇ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਬੇਅੰਤ ਸਿੰਘ ਪਾਰਕ ਵਿਖੇ ਕਰਵਾਇਆ ਗਿਆ ਇਹ ਛੱਠ ਮਹਾਉਤਸਵ ਧਾਰਮਿਕ ਆਸਥਾ, ਸਮਾਜਿਕ ਏਕਤਾ ਤੇ ਆਪਸੀ ਭਾਈਚਾਰੇ ਦੀ ਇਕ ਮਿਸਾਲ ਬਣਿਆ। ਸ਼ਰਧਾਲੂਆਂ ਦੀ ਵੱਡੀ ਸ਼ਮੂਲੀਅਤ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ।