- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ਤੋਂ ਬਾਅਦ ਹਸਪਤਾਲ ਦੇ ਬਾਹਰ ਹਿੰਸਕ ਝੜਪ, 25 ਲੋਕਾਂ 'ਤੇ ਹਮਲਾ ਕਰਨ ਦਾ ਦੋਸ਼

- ਜ਼ਖ਼ਮੀ ਔਰਤ ਦੇ ਇਲਾਜ ਲਈ ਆਏ ਪਰਿਵਾਰਕ ਮੈਂਬਰਾਂ 'ਤੇ ਕਥਿਤ ਤੌਰ 'ਤੇ ਹਮਲਾ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ
ਜਲੰਧਰ : ਨੂਰਪੁਰ ਬੱਸ ਸਟਾਪ ਨੇੜੇ ਹੋਏ ਇਕ ਸੜਕ ਹਾਦਸੇ ਤੋਂ ਬਾਅਦ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਬਾਹਰ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇਕ 'ਛੋਟਾ ਹਾਥੀ' ਵਾਹਨ ਦਾ ਮਾਲਕ ਲਗਭਗ 25 ਲੋਕਾਂ ਦੇ ਸਮੂਹ ਨਾਲ ਉੱਥੇ ਪਹੁੰਚਿਆ, ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਧਮਕੀਆਂ ਦਿੱਤੀਆਂ। ਇਹ ਘਟਨਾ ਸ਼ਨਿਚਰਵਾਰ ਰਾਤ ਕਰੀਬ 11 ਵਜੇ ਵਾਪਰੀ। ਪਰਿਵਾਰ ਅਨੁਸਾਰ, ਅਜੇ ਤੱਕ ਪੁਲਿਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਉਹ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤ ਦਰਜ ਕਰਵਾਉਣਗੇ। ਪੀੜਤ ਔਰਤ ਦੀ ਧੀ ਮੰਜੂ ਬਾਲਾ ਨੇ ਦੱਸਿਆ ਕਿ ਉਸ ਦੀ ਮਾਂ ਤੇ ਭਰਾ ਕਾਰ ਰਾਹੀਂ ਘਰ ਪਰਤ ਰਹੇ ਸਨ, ਜਦੋਂ ਨੂਰਪੁਰ ਬੱਸ ਸਟਾਪ ਨੇੜੇ ਬਿਨਾਂ ਇੰਡੀਕੇਟਰ ਦਿੱਤੇ ਚਾਲਕ ਨੇ ਅਚਾਨਕ 'ਛੋਟਾ ਹਾਥੀ' ਵਾਹਨ ਮੋੜ ਦਿੱਤਾ, ਜਿਸ ਕਾਰਨ ਆਟੋ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਉਸ ਦੀ ਮਾਂ ਜ਼ਖਮੀ ਹੋ ਗਈ। ਮੰਜੂ ਬਾਲਾ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ 'ਤੇ ਉਹ ਤੇ ਉਸ ਦਾ ਪਤੀ ਮੌਕੇ 'ਤੇ ਪਹੁੰਚੇ ਤੇ ਆਪਣੀ ਜ਼ਖਮੀ ਮਾਂ ਨੂੰ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਲੈ ਗਏ। ਇਸ ਦੌਰਾਨ ਆਟੋ ਚਾਲਕ ਨੇ ਵਾਹਨ ਦੇ ਮਾਲਕ ਦਾ ਮੋਬਾਈਲ ਨੰਬਰ ਦਿੱਤਾ। ਜਦੋਂ ਮੰਜੂ ਬਾਲਾ ਦੇ ਪਤੀ ਨੇ ਮਾਲਕ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਮੌਜੂਦਾ ਲੋਕੇਸ਼ਨ ਬਾਰੇ ਪੁੱਛਿਆ।
ਹਸਪਤਾਲ ਦੇ ਗੇਟ ਅੱਗੇ ਘੇਰ ਕੇ ਕੀਤਾ ਹਮਲਾ
ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਹ ਜ਼ਖਮੀ ਔਰਤ ਦਾ ਐਕਸ-ਰੇ ਕਰਵਾਉਣ ਤੋਂ ਬਾਅਦ ਹਸਪਤਾਲ ਤੋਂ ਬਾਹਰ ਨਿਕਲ ਰਹੇ ਸਨ ਤਾਂ ਵਾਹਨ ਦਾ ਮਾਲਕ ਲਗਭਗ 25 ਲੋਕਾਂ ਨਾਲ ਉੱਥੇ ਪਹੁੰਚ ਗਿਆ। ਇਸ ਸਮੂਹ ਨੇ ਹਸਪਤਾਲ ਦੇ ਗੇਟ ਦੇ ਬਾਹਰ ਹੀ ਮੰਜੂ ਬਾਲਾ ਦੇ ਪਤੀ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉੱਥੇ ਹਫੜਾ-ਦਫੜੀ ਮੱਚ ਗਈ ਪਰ ਪਰਿਵਾਰ ਕਿਸੇ ਤਰ੍ਹਾਂ ਉੱਥੋਂ ਬਚ ਕੇ ਸੁਰੱਖਿਅਤ ਥਾਂ 'ਤੇ ਪੁੱਜ ਗਿਆ।
ਮੰਜੂ ਬਾਲਾ ਨੇ ਦੋਸ਼ ਲਾਇਆ ਕਿ ਹਮਲਾਵਰ ਨਸ਼ੇ ਦੀ ਹਾਲਤ ’ਚ ਸਨ। ਇਸ ਘਟਨਾ ਮਗਰੋਂ ਪਰਿਵਾਰ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਡਾਕਟਰੀ ਜਾਂਚ ਕੀਤੀ ਗਈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ ਤੇ ਹਮਲਾਵਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇ।