'ਰਨ ਫਾਰ ਨੇਸ਼ਨ, ਰਨ ਫਾਰ ਜੈਨ-ਜ਼ੈੱਡ' ’ਚ 300 ਤੋਂ ਵੱਧ ਬੱਚਿਆਂ ਨੇ ਲਿਆ ਹਿੱਸਾ 'ਰਨ ਫਾਰ ਨੇਸ਼ਨ, ਰਨ ਫਾਰ ਜੈਨ-ਜ਼ੈੱਡ' ’ਚ 300 ਤੋਂ ਵੱਧ ਬੱਚਿਆਂ ਨੇ ਲਿਆ ਹਿੱਸਾ
Publish Date: Sun, 15 Nov 2026 06:59 PM (IST)
Updated Date: Mon, 16 Nov 2026 04:04 AM (IST)
- ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਮੁੱਖ ਮਹਿਮਾਨ ਤੇ ਮੇਅਰ ਵਿਨੀਤ ਧੀਰ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਲ - ਸਮਾਗਮ ਦੇ ਅੰਤ ’ਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਹਿਊਮਨ ਰਾਈਟਸ ਕੌਂਸਲ ਇੰਡੀਆ ਵੱਲੋਂ ਦੇਸ਼ ਭਗਤੀ, ਖੇਡਾਂ, ਸਿਹਤ ਤੇ ਨਸ਼ਾ-ਮੁਕਤ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਲੰਧਰ ਦੇ ਬਰਲਟਨ ਪਾਰਕ ਵਿਖੇ ਰਨ ਫਾਰ ਨੇਸ਼ਨ, ਰਨ ਫਾਰ ਜੈਨ-ਜ਼ੈੱਡ ਨਾਮਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ 300 ਤੋਂ ਵੱਧ ਬੱਚਿਆਂ ਤੇ ਨੌਜਵਾਨਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੇ ਅੰਤ ’ਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਹਵਾ ’ਚ ਹਰੇ ਗੁਬਾਰੇ ਛੱਡ ਕੇ ਦੌੜ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਦੇਸ਼ ਲਈ ਕਰਵਾਈ ਗਈ ਇਹ ਦੌੜ ਇਕ ਮਜ਼ਬੂਤ ਸੰਦੇਸ਼ ਦਿੰਦੀ ਹੈ ਕਿ ਭਾਰਤ ਦੀ ਜੈਨ-ਜ਼ੈੱਡ ਪੂਰੀ ਤਰ੍ਹਾਂ ਦੇਸ਼ ਨਾਲ ਖੜ੍ਹੀ ਹੈ। ਅੱਜ ਭਾਰਤ ਦੇ ਨੌਜਵਾਨ ਆਪਣੀ ਪ੍ਰਤਿਭਾ, ਸਖ਼ਤ ਮਿਹਨਤ ਤੇ ਪ੍ਰਾਪਤੀਆਂ ਰਾਹੀਂ ਦੁਨੀਆ ਭਰ ’ਚ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਇਸ ਮੌਕੇ ਮੇਅਰ ਵਿਨੀਤ ਧੀਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਤੇ ਲੱਕੀ ਡਰਾਅ ਰਾਹੀਂ ਚੁਣੇ ਗਏ ਪੰਜ ਭਾਗੀਦਾਰਾਂ ਨੂੰ ਨਕਦ ਇਨਾਮ ਦਿੱਤੇ। ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਸਥਾ ਲਗਾਤਾਰ ਲੋਕ ਭਲਾਈ ਦੇ ਕੰਮਾਂ ’ਚ ਜੁਟੀ ਰਹਿੰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਟੀਮ ਏਕਤਾ ਤੇ ਸਮਰਪਣ ਨਾਲ ਕੰਮ ਕਰਦੀ ਹੈ, ਜਿਸ ਨਾਲ ਉਨ੍ਹਾਂ ਵੱਲੋਂ ਆਯੋਜਿਤ ਹਰ ਸਮਾਗਮ ਸਫਲ ਹੁੰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਜਿਹੇ ਸਕਾਰਾਤਮਕ ਤੇ ਪ੍ਰੇਰਨਾਦਾਇਕ ਪ੍ਰੋਗਰਾਮ ਪੂਰੇ ਪੰਜਾਬ ’ਚ ਨਿਯਮਤ ਤੌਰ ਤੇ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਅਮਰੀ, ਲਲਿਤ ਬੱਬੂ , ਮਨੋਜ ਅਗਰਵਾਲ ਤੇ ਨਗਰ ਨਿਗਮ ਦੇ ਮੁਖੀ ਬੰਟੂ ਸਭਰਵਾਲ ਵੀ ਮੌਜੂਦ ਸਨ। ਸਾਰੇ ਮਹਿਮਾਨਾਂ ਨੇ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਮਿਸਟਰ ਇੰਡੀਆ ਕਰਨ ਕੋਰਾ ਨੇ ਫਿਟਨੈੱਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ’ਚ ਭਾਗ ਲੈਣ ਵਾਲਿਆਂ ਨੂੰ ਸੀਪੀਆਰ ਦੀ ਸਿਖਲਾਈ ਦਿੱਤੀ ਗਈ। ਸਮਾਗਮ ’ਚ ਸੱਭਿਆਚਾਰਕ ਨਾਚ, ਭੰਗੜਾ ਤੇ ਸਮੂਹਿਕ ਨਾਚਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਲੱਕੀ ਡਰਾਅ ਵੀ ਕੱਢਿਆ ਗਿਆ। ਐਂਟੀ-ਕ੍ਰਾਈਮ ਸੈੱਲ ਦੇ ਰਾਸ਼ਟਰੀ ਪ੍ਰਧਾਨ ਹਨੀ ਗੁਪਤਾ ਨੇ ਵੀ ਬੱਚਿਆਂ ਦੀ ਹੌਸਲਾ-ਅਫਜ਼ਾਈ ਕੀਤੀ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੀ ਜਲੰਧਰ ਤੇ ਪੰਜਾਬ ਟੀਮ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ’ਚ ਅਹਿਮ ਭੂਮਿਕਾ ਨਿਭਾਈ। ਸਾਰੇ ਪ੍ਰਬੰਧ ਜਲੰਧਰ ਦੇ ਪ੍ਰਧਾਨ, ਪ੍ਰਬਲ ਉੱਪਲ ਦੀ ਦੇਖ-ਰੇਖ ਹੇਠ ਕੀਤੇ ਗਏ। ਸਮਾਗਮ ’ਚ ਸੰਸਥਾ ਦੇ ਕਈ ਹੋਰ ਅਹੁਦੇਦਾਰ ਵੀ ਮੌਜੂਦ ਸਨ, ਜਿਨ੍ਹਾਂ ’ਚ ਮਹਿਲਾ ਮੋਰਚਾ ਦੀ ਰਾਸ਼ਟਰੀ ਜਨਰਲ ਸਕੱਤਰ ਆਰਤੀ ਕਪੂਰ ਪੰਜਾਬ ਦੇ ਉਪ-ਪ੍ਰਧਾਨ ਜਤਿਨ ਹੰਡਾ, ਸੰਦੀਪ ਕਸ਼ਯਪ, ਰਜਤ ਗਿੱਲ, ਅਮਨਦੀਪ, ਚੇਤਨ ਦੁੱਗਲ, ਚੰਦਰ ਦੁੱਗਲ, ਜੋਤੀ, ਕ੍ਰਿਸ਼ ਸੂਰੀ, ਡਾ. ਅਮਿਤ ਗੁਪਤਾ ਤੇ ਡਾ. ਸੁਨੀਲ ਸ਼ਰਮਾ ਸਮੇਤ ਹੋਰ ਵੀ ਕਈ ਉੱਘੇ ਮੈਂਬਰ ਮੌਜੂਦ ਸਨ। ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਨੇ ਸੰਦੇਸ਼ ਦਿਤਾ ਕਿ ਮਜ਼ਬੂਤ ਤੇ ਵਿਕਸਤ ਭਾਰਤ ਦਾ ਨਿਰਮਾਣ ਉਦੋਂ ਹੀ ਹੋ ਸਕਦਾ ਹੈ ਜਦੋਂ ਦੇਸ਼ ਦੇ ਨੌਜਵਾਨ ਸਿਹਤਮੰਦ ਹੋਣ, ਨਸ਼ਿਆਂ ਤੋਂ ਮੁਕਤ ਹੋਣ ਤੇ ਦੇਸ਼ ਪ੍ਰਤੀ ਸਮਰਪਿਤ ਹੋਣ। ਨਵੀਂ ਪੀੜ੍ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਏਗੀ : ਆਰਤੀ ਰਾਜਪੂਤ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਨੇ ਸਾਰੇ ਮਹਿਮਾਨਾਂ, ਭਾਗੀਦਾਰਾਂ, ਮਾਪਿਆਂ, ਸਮਰਥਕਾਂ ਤੇ ਸੰਸਥਾ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਪੀੜ੍ਹੀ ਸੂਬੇ ਨੂੰ ਨਸ਼ਾ ਮੁਕਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਸੰਸਥਾ ਦੇ ਸੰਕਲਪ ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੀ ਪਛਾਣ ਨਸ਼ਿਆਂ ਨਾਲ ਨਹੀਂ, ਸਗੋਂ ਇੱਥੋਂ ਦੇ ਨੌਜਵਾਨਾਂ ਦੀ ਸਿੱਖਿਆ, ਖੇਡਾਂ, ਪ੍ਰਤਿਭਾ, ਸਖ਼ਤ ਮਿਹਨਤ ਤੇ ਉਸਾਰੂ ਯੋਗਦਾਨ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ’ਚ ਮੌਜੂਦ ਸਾਰੇ ਬੱਚਿਆਂ ਤੇ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ, ਦੂਜਿਆਂ ਨੂੰ ਜਾਗਰੂਕ ਕਰਨ ਤੇ ਰਾਸ਼ਟਰ ਤੇ ਸਮਾਜ ਦੇ ਨਿਰਮਾਣ ’ਚ ਉਸਾਰੂ ਭੂਮਿਕਾ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਸਤਵਿੰਦਰ ਮਠਾਰੂ ਪੰਜਾਬ ਇੰਚਾਰਜ ਤੇ ਰਾਸ਼ਟਰੀ ਉਪ-ਪ੍ਰਧਾਨ, ਮਨਜੀਤ ਸਿੰਘ ਪੰਜਾਬ ਜਨਰਲ ਸਕੱਤਰ ਤੇ ਹਨੀ ਤਲਵਾਰ ਪੰਜਾਬ ਪ੍ਰਧਾਨ ਸ਼ਾਮਲ ਸਨ।