- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
.... ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਸੁਭਾਹਨ ਅੱਲਾ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬੀਤੀ ਸ਼ਾਮ ਕਾਂਗਰਸ ਪਾਰਟੀ ਦੀ ‘ਜਵਾਨੀ ਸੰਭਾਲ ਯਾਤਰਾ’ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪਿੰਡ ਢੰਡੋਵਾਲ ਪਹੁੰਚੀ ਤਾਂ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਿਆਸੀ ਆਕਾਸ਼ ਵਿੱਚ ਚੰਨੀ ਦਾ ‘ਚੰਨ’ ਚਮਕਦਾ ਨਜ਼ਰ ਆਇਆ, ਉੱਥੇ ਕੁਝ ਸਥਾਨਕ ਆਗੂਆਂ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ। ਨਾਲ ਦੀ ਨਾਲ ਸ਼ਕਾਫਤੀ ਮਾਹੌਲ ਦੇ ਵੀ ਦੀਦਾਰ ਹੋਏ। ਜਦੋਂ ਚੰਨੀ ਦੇ ਨਾਲ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਮੰਤਰੀ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਆਦਿ ਪਿੰਡ ਵਿੱਚ ਲੱਗੀ ਸਟੇਜ ਦੇ ਨੇੜੇ ਪਹੁੰਚੇ ਤਾਂ ਔਰਤਾਂ ਤੇ ਖਾਸ ਕਰ ਕੇ ਬੱਚਿਆਂ ਨੇ ਫੁੱਲਾਂ ਦੀ ਵਰਖਾ ਕੀਤੀ, ਉਸ ਵੇਲੇ ਧੀਆਂ ਵੱਲੋਂ ਬਾਬਲ ’ਤੇ ਮਾਣ ਕਰਦਾ ਗੀਤ ‘ਚਾਦਰ’ ਲਵਪ੍ਰੀਤ ਢੰਡੋਵਾਲ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ। ਸਟੇਜ ਦੇ ਮੁੱਖ ਪ੍ਰਬੰਧਕ ਸੁਰਿੰਦਰਜੀਤ ਸਿੰਘ ਚੱਠਾ ਦੀ ਲਾਡਲੀ ਧੀ ਗੁਰਲੀਨ ਕੌਰ ਚੱਠਾ ਬਾਪ ਨਾਲ ਪ੍ਰਬੰਧਾਂ ’ਚ ਹੱਥ ਵਟਾਉਂਦੀ ਨਜ਼ਰ ਆਈ।
ਇਸੇ ਦੌਰਾਨ ਇੱਕ ਨਿਹੰਗ ਸਿੰਘ ਨਾਲ ਸਤਿਕਾਰ ਅਦਬ ਨਾਲ ਚਰਨਜੀਤ ਸਿੰਘ ਚੰਨੀ ਸਟੇਜ ਤੋਂ ਉਤਰ ਕੇ ਬਗਲਗੀਰ ਹੋਏ। ਇਹੀ ਸੀ ਸ਼ਕਾਫਤੀ ਮਾਹੌਲ ਜਦੋਂ ਪੰਜਾਬ ਦੀ ਤਹਿਜ਼ੀਬ, ਸੱਭਿਆਚਾਰ ਤੇ ਵਿਰਸਾ ਮਨਾਂ ਦੀ ਕਿਸੇ ਨੁੱਕਰ ਵਿੱਚ ਪਨਪਦਾ ਮਹਿਸੂਸ ਹੋਇਆ। ਸ਼ੇਰੋਵਾਲੀਆ ਨੇ ਚਰਨਜੀਤ ਸਿੰਘ ਚੰਨੀ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੂੰ ਸਟੇਜ ਤੋਂ ਕੁਝ ਕਹਿਣ ਲਈ ਬੁਲਾਇਆ ਤਾਂ ਇਸ ਬੁਲਾਵੇ ਵਿੱਚ ਸਤਿਕਾਰ ਦੇ ਸਾਰੇ ਸ਼ਬਦ ਸ਼ਾਮਲ ਸਨ। ਸਟੇਜ ਸਮਾਪਤੀ ਤੋਂ ਬਾਅਦ ਜਦੋਂ ਯਾਤਰਾ ਸ਼ਾਹਕੋਟ ਦੇ ਬਾਜ਼ਾਰਾਂ ਵਿੱਚ ਲੰਘੀ ਤਾਂ ਯਾਤਰਾ ਦੇ ਸਵਾਗਤ ਲਈ ਕਾਂਗਰਸੀ ਵਰਕਰ ਪੱਬਾਂ ਭਾਰ ਹੋਏ ਨਜ਼ਰ ਆਏ। ਸ਼ੇਰੋਵਾਲੀਆ ਦੇ ਪੀਏ ਦੇ ਵਾਰਡ ਵਾਸੀਆਂ ਵੱਲੋਂ ਸਵਾਗਤ ਦੀ ਵਾਰੀ ਆਈ ਤਾਂ ਸੋਨੂੰ ਕੰਗ ਵੱਲੋਂ ਆਪਣੇ ਬੌਸ ਵਿਧਾਇਕ ਪ੍ਰਤੀ ਕੀਤੇ ਜਾਣ ਵਾਲੇ ਕੰਮਾਂ ਦੀ ਸ਼ਿੱਦਤ ਤੇ ਸੁਹਿਰਦਤਾ ਦੇ ਸ਼ਬਦ ਚੰਨੀ ਦੇ ਕੰਨਾਂ ਵਿੱਚ ਪਏ ਤਾਂ ਉਨ੍ਹਾਂ ਨੇ ਸੋਨੂੰ ਕੰਗ ਨੂੰ ਗਲਵੱਕੜੀ ਵਿੱਚ ਲੈ ਲਿਆ। ਸ਼ੇਰੋਵਾਲੀਆ ਦੀ ਸਿਆਸੀ ਸ਼ਖ਼ਸੀਅਤ ਬਾਰੇ ਚੰਨੀ ਪਹਿਲਾਂ ਸਟੇਜ ’ਤੇ ਹੋਏ ਭਾਸ਼ਣ ਵਿੱਚ ਜ਼ਿਕਰ ਕਰਨ ਆਏ ਸਨ। ਹੁਣ ਚੰਨੀ ਦੇ ਹਾਵ ਭਾਵ ਤੋਂ ਲੱਗਦਾ ਸੀ ਕਿ ਉਹ ਕਹਿ ਰਹੇ ਹੋਣ ‘ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਸੁਭਾਹਨ ਅੱਲਾ’।