ਪੀਪੀਐੱਸਸੀ-2025 ਦੇ ਨਤੀਜਿਆਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਵੇ : ਲਾਡੀ ਪੀ ਪੀ ਐਸ ਸੀ-2025 ਦੇ ਨਤੀਜਿਆਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਵੇ -ਲਾਡੀ
Publish Date: Sat, 14 Nov 2026 07:16 PM (IST)
Updated Date: Sat, 14 Nov 2026 07:18 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਪੀਪੀਐੱਸਸੀ-2025 ਦੇ ਨਤੀਜਿਆਂ ਅਤੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਉੱਠ ਰਹੇ ਸਵਾਲਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦੇ ਸਪੈਸ਼ਲ ਇਨਵਾਇਟੀ ਮੈਂਬਰ ਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਨੌਜਵਾਨ ਸਾਲਾਂ ਬੱਧੀ ਮਿਹਨਤ ਕਰ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਉਹ ਆਪਣਾ ਕੀਮਤੀ ਸਮਾਂ, ਪੈਸਾ ਅਤੇ ਜ਼ਿੰਦਗੀ ਦੇ ਅਹਿਮ ਸਾਲ ਇੱਕ ਸਰਕਾਰੀ ਨੌਕਰੀ ਹਾਸਲ ਕਰਨ ਦੀ ਉਮੀਦ ਵਿੱਚ ਲਗਾ ਦਿੰਦੇ ਹਨ। ਇਨ੍ਹਾਂ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਦੀਆਂ ਵੀ ਵੱਡੀਆਂ ਉਮੀਦਾਂ ਜੁੜੀਆਂ ਹੁੰਦੀਆਂ ਹਨ। ਅਜਿਹੇ ਵਿੱਚ ਕਿਸੇ ਵੀ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਉੱਠਣਾ ਇੱਕ ਗੰਭੀਰ ਮਾਮਲਾ ਹੈ, ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡਾ ਵਿਰੋਧ ਕਿਸੇ ਵੀ ਯੋਗ ਅਤੇ ਸਫਲ ਉਮੀਦਵਾਰ ਨਾਲ ਨਹੀਂ ਹੈ। ਜਿਨ੍ਹਾਂ ਉਮੀਦਵਾਰਾਂ ਨੇ ਆਪਣੀ ਮਿਹਨਤ, ਕਾਬਲੀਅਤ ਅਤੇ ਯੋਗਤਾ ਦੇ ਆਧਾਰ ’ਤੇ ਸਫਲਤਾ ਹਾਸਲ ਕੀਤੀ ਹੈ, ਉਨ੍ਹਾਂ ਦੇ ਹੱਕਾਂ ਦੀ ਪੂਰੀ ਤਰ੍ਹਾਂ ਰੱਖਿਆ ਹੋਣੀ ਚਾਹੀਦੀ ਹੈ। ਕਿਸੇ ਵੀ ਨਿਰਦੋਸ਼ ਉਮੀਦਵਾਰ ਨੂੰ ਬੇਵਜ੍ਹਾ ਨਿਸ਼ਾਨਾ ਬਣਾਉਣਾ ਵੀ ਉਚਿਤ ਨਹੀਂ ਹੈ। ਪਰ ਜੇਕਰ ਕਿਸੇ ਯੋਗ ਉਮੀਦਵਾਰ ਨਾਲ ਪੱਖਪਾਤ, ਬੇਨਿਯਮੀ ਜਾਂ ਕਿਸੇ ਹੋਰ ਗਲਤ ਕਾਰਵਾਈ ਕਾਰਨ ਬੇਇਨਸਾਫ਼ੀ ਹੋਈ ਹੈ ਤਾਂ ਉਸ ਨੂੰ ਇਨਸਾਫ਼ ਮਿਲਣਾ ਵੀ ਓਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਭਰਤੀ ਕਿਸੇ ਦੀ ਸਿਆਸੀ ਪਹੁੰਚ, ਸਿਫ਼ਾਰਸ਼ ਜਾਂ ਨਿੱਜੀ ਸੰਬੰਧਾਂ ਦੇ ਆਧਾਰ ’ਤੇ ਨਹੀਂ, ਸਗੋਂ ਨਿਰਧਾਰਤ ਨਿਯਮਾਂ ਅਤੇ ਯੋਗਤਾ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਸਰਕਾਰ ਤੋਂ ਮੰਗ ਕੀਤੀ ਕਿ ਨਤੀਜਿਆਂ ਸਬੰਧੀ ਉੱਠ ਰਹੇ ਸਾਰੇ ਸਵਾਲਾਂ ਦਾ ਤੱਥਾਂ ਸਮੇਤ ਜਵਾਬ ਦਿੱਤਾ ਜਾਵੇ। ਭਰਤੀ ਦੇ ਨਿਯਮਾਂ, ਮੁਲਾਂਕਣ ਪ੍ਰਕਿਰਿਆ, ਮੈਰਿਟ ਸੂਚੀ ਅਤੇ ਸਬੰਧਤ ਰਿਕਾਰਡ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਜਾਂਚ ਅਜਿਹੇ ਨਿਰਪੱਖ ਅਧਿਕਾਰੀਆਂ ਜਾਂ ਸੰਸਥਾ ਤੋਂ ਕਰਵਾਈ ਜਾਵੇ ਜਿਸ ’ਤੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਜਾਂ ਪ੍ਰਸ਼ਾਸਨਿਕ ਦਬਾਅ ਨਾ ਹੋਵੇ।