ਪਿੰਡ ਤਲਵੰਡੀ ਸੰਘੇੜਾ ’ਚ ਚੰਨੀ ਦੀ ਸਾਈਕਲ ਯਾਤਰਾ ਦਾ ‘ਆਪ’ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ ਪਿੰਡ ਤਲਵੰਡੀ ਸੰਘੇੜਾ ਵਿਖੇ ਚੰਨੀ ਦੀ ਸਾਈਕਲ ਯਾਤਰਾ ਦਾ ‘ਆਪ’ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ
Publish Date: Sat, 14 Nov 2026 06:53 PM (IST)
Updated Date: Sat, 14 Nov 2026 06:54 PM (IST)
ਪ੍ਰਿਤਪਾਲ ਸਿੰਘ/ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : ਪੰਜਾਬ ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਜਦੋਂ ਸ਼ਨਿਚਰਵਾਰ ਨੂੰ ਹਲਕਾ ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਵਿਖੇ ਪਹੁੰਚੀ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਜਿਵੇਂ ਹੀ ਚੰਨੀ ਦੀ ਸਾਈਕਲ ਯਾਤਰਾ ਦਾ ਕਾਫ਼ਲਾ ਪਿੰਡ ਤਲਵੰਡੀ ਸੰਘੇੜਾ ਦੇ ਨਜ਼ਦੀਕ ਪੁੱਜਿਆ ਤਾਂ ਪਹਿਲਾਂ ਤੋਂ ਹੀ ਸੜਕ ਕਿਨਾਰੇ ਇਕੱਠੇ ਹੋਏ ‘ਆਪ’ ਵਰਕਰਾਂ ਅਤੇ ਐੱਸਸੀ ਵਿੰਗ ਦੇ ਅਹੁਦੇਦਾਰਾਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਲਹਿਰਾਉਂਦਿਆਂ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਟਕਰਾਅ ਦੀ ਸਥਿਤੀ ਟਾਲਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਤਲਵੰਡੀ ਸੰਘੇੜਾ ਵਿਖੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਡੀਐੱਸਪੀ ਸਰਵਣ ਸਿੰਘ ਬੱਲ ਤੇ ਐਸਐਚਓ ਸ਼ਾਹਕੋਟ ਸੁਖਵਿੰਦਰ ਪਾਲ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮਾਂ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਦੇ ਇੱਕ ਪਾਸੇ ਰੋਕੀ ਰੱਖਿਆ ਅਤੇ ਸਖ਼ਤ ਸੁਰੱਖਿਆ ਘੇਰੇ ਹੇਠ ਸਾਈਕਲ ਯਾਤਰਾ ਨੂੰ ਅੱਗੇ ਰਵਾਨਾ ਕੀਤਾ। ਪਿੰਡ ਤਲਵੰਡੀ ਸੰਘੇੜਾ ਵਿਖੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ, ਹਲਕਾ ਸ਼ਾਹਕੋਟ ਦੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ, ਜ਼ਿਲਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਬੈਕਫਿੰਕੋ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ ਤੇ ਹੋਰ ‘ਆਪ’ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਲੀਡਰਸ਼ਿਪ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਨਾਂ ’ਤੇ ਸਿਆਸੀ ਡਰਾਮੇਬਾਜ਼ੀ ਕਰ ਰਹੇ ਚਰਨਜੀਤ ਸਿੰਘ ਚੰਨੀ ਪਹਿਲਾਂ ਇਹ ਜਵਾਬ ਦੇਣ ਕਿ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿੱਚ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਹੋਈ ਕੁੱਟਮਾਰ ਅਤੇ ਬਦਸਲੂਕੀ ਦੇ ਮਾਮਲੇ ਵਿੱਚ ਉਨ੍ਹਾਂ ਨੇ ਚੁੱਪ ਕਿਉਂ ਵੱਟੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਹੜਾ ਆਗੂ ਆਪਣੀ ਹੀ ਪਾਰਟੀ ਦੇ ਦਫ਼ਤਰ ਵਿੱਚ ਇੱਕ ਦਲਿਤ ਵਰਕਰ ਦੇ ਮਾਣ-ਸਨਮਾਨ ਦੀ ਰਾਖੀ ਨਹੀਂ ਕਰ ਸਕਿਆ ਅਤੇ ਦੋਸ਼ੀਆਂ ਦੀ ਪਿੱਠ ਥਾਪੜ ਰਿਹਾ ਹੈ, ਉਸ ਨੂੰ ਪੰਜਾਬ ਦੇ ਲੋਕਾਂ ਵਿੱਚ ਜਾਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੰਜ ਸਾਲਾਂ ਦੇ ਰਾਜ ਦੌਰਾਨ ਘਰ-ਘਰ ਨੌਕਰੀ ਦੇਣ ਅਤੇ ਚਾਰ ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰਨ ਦੀਆਂ ਝੂਠੀਆਂ ਸਹੁੰਆਂ ਖਾ ਕੇ ਪੰਜਾਬ ਦੀ ਜਵਾਨੀ ਨੂੰ ਧੋਖਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਪਣੀ ਪਾਰਟੀ ਦੀ ਅੰਦਰੂਨੀ ਧੜੇਬੰਦੀ ਵਿੱਚ ਘਿਰੇ ਚੰਨੀ ਹੁਣ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਤਲਾਸ਼ਣ ਲਈ ਸਾਈਕਲ ਯਾਤਰਾ ਦਾ ਸਹਾਰਾ ਲੈ ਰਹੇ ਹਨ, ਪਰ ਹਲਕਾ ਸ਼ਾਹਕੋਟ ਅਤੇ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ਦੇ ਇਨ੍ਹਾਂ ਝਾਂਸਿਆਂ ਵਿੱਚ ਆਉਣ ਵਾਲੇ ਨਹੀਂ ਹਨ। ਇਸ ਮੌਕੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ, ਸਾਬਕਾ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਜਲਾਲਪੁਰੀ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਪਰਬਤਪਾਲ ਸਿੰਘ, ਕੁਲਦੀਪ ਸਿੰਘ ਦੀਦ, ਰਜਿੰਦਰ ਕੁਮਾਰ ਸ਼ੇਰਾ ਸਰਪੰਚ, ਪਰਮਿੰਦਰ ਸਿੰਘ ਪੀਏ, ਕਾਲੀ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਹਾਜ਼ਰ ਸਨ।