ਪਿੰਡ ਕਿਸ਼ਨਗੜ੍ਹ ’ਚ ਲਾਈਟਾਂ ਬੰਦ ਹੋਣ ਕਾਰਨ ਲੱਗਾ ਭਾਰੀ ਟ੍ਰੈਫਿਕ ਜਾਮ ਪਿੰਡ ਕਿਸ਼ਨਗੜ੍ਹ ਵਿਖੇ ਲਾਈਟਾਂ ਬੰਦ ਹੋਣ ਕਾਰਨ ਲੱਗਾ ਭਾਰੀ ਟ੍ਰੈਫਿਕ ਜਾਮ
Publish Date: Fri, 13 Nov 2026 09:59 PM (IST)
Updated Date: Fri, 13 Nov 2026 10:03 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਪਿੰਡ ਕਿਸ਼ਨਗੜ੍ਹ ਵਿਖੇ ਅੱਜ ਲਾਈਟਾਂ ਬੰਦ ਹੋਣ ਕਾਰਨ ਮੁੱਖ ਚੌਕ ’ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਦੁਪਹਿਰ 2 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਘੰਟਿਆਂਬੱਧੀ ਲੱਗੇ ਜਾਮ ਕਾਰਨ ਸਥਾਨਕ ਲੋਕਾਂ, ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਟ੍ਰੈਫਿਕ ਲਾਈਟਾਂ ਲਾਈਟਾਂ ਬੰਦ ਹੋਣ ਕਾਰਨ ਜਿਵੇਂ ਹੀ ਲਾਈਟਾਂ ਬੰਦ ਹੋਈਆਂ, ਚੌਕ ’ਤੇ ਚਾਰੋਂ ਪਾਸਿਓਂ ਆ ਰਹੇ ਵਾਹਨ ਆਪਸ ਵਿੱਚ ਉਲਝ ਗਏ। ਕੁਝ ਹੀ ਮਿੰਟਾਂ ਵਿੱਚ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਾਰਾਂ, ਬੱਸਾਂ, ਟਰੱਕਾਂ, ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ ਅਤੇ ਆਟੋ-ਰਿਕਸ਼ਾ ਇੱਕ ਹੀ ਜਗ੍ਹਾ ’ਤੇ ਫਸ ਕੇ ਰਹਿ ਗਏ। - ਮੌਕੇ ’ਤੇ ਨਹੀਂ ਪਹੁੰਚਿਆ ਕੋਈ ਟ੍ਰੈਫਿਕ ਪੁਲਿਸ ਕਰਮਚਾਰੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਮੌਕੇ ’ਤੇ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਅਤੇ ਸਬੰਧਿਤ ਪੁਲਿਸ ਚੌਕੀ ਅਲਾਵਲਪੁਰ ਦਾ ਕੋਈ ਵੀ ਮੁਲਾਜ਼ਮ ਮੌਕੇ ’ਤੇ ਨਹੀਂ ਪਹੁੰਚਿਆ। ਘੰਟਿਆਂਬੱਧੀ ਜਾਮ ਲੱਗਾ ਰਿਹਾ, ਪਰ ਚੌਕੀ ਵੱਲੋਂ ਕੋਈ ਵੀ ਕਰਮਚਾਰੀ ਜਾਮ ਖੁੱਲਵਾਉਣ ਲਈ ਨਹੀਂ ਆਇਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। - 112 ਦੀ ਟੀਮ ਅਤੇ ਸੜਕ ਸੁਰੱਖਿਆ ਫੋਰਸ ਕਰਦੇ ਰਹੇ ਜੱਦੋ-ਜਹਿਦ ਜਾਮ ਨੂੰ ਖੁੱਲਵਾਉਣ ਲਈ ਕੰਟਰੋਲ ਰੂਮ 112 ਦੀ ਟੀਮ ਦੇ ਐੱਸਆਈ ਜੋਗਰਾਜ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਕਰਮਚਾਰੀ ਜੱਦੋ-ਜਹਿਦ ਕਰ ਰਹੇ ਸਨ। ਉਨ੍ਹਾਂ ਵੱਲੋਂ ਲਗਾਤਾਰ ਵਾਹਨਾਂ ਨੂੰ ਇੱਕ-ਇੱਕ ਕਰ ਕੇ ਕੱਢ ਕੇ ਜਾਮ ਖੁੱਲਵਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਦੇਰ ਸ਼ਾਮ ਤੱਕ ਜਾਮ ਹੌਲੀ-ਹੌਲੀ ਖੁੱਲ੍ਹਣਾ ਸ਼ੁਰੂ ਹੋਇਆ। - ਘੰਟਿਆਂਬੱਧੀ ਫਸੇ ਰਹੇ ਲੋਕ ਜਾਮ ਵਿੱਚ ਫਸੇ ਲੋਕਾਂ ਦਾ ਕਹਿਣਾ ਸੀ ਕਿ ਉਹ ਘੰਟਿਆਂਬੱਧੀ ਆਪਣੇ ਵਾਹਨਾਂ ਵਿੱਚ ਹੀ ਫਸੇ ਰਹੇ। ਸਕੂਲੋਂ ਘਰ ਪਰਤ ਰਹੇ ਬੱਚੇ, ਦਫ਼ਤਰੋਂ ਆ ਰਹੇ ਮੁਲਾਜ਼ਮ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਕਈ ਰਾਹਗੀਰਾਂ ਨੇ ਆਪਣੇ ਵਾਹਨ ਛੱਡ ਕੇ ਪੈਦਲ ਹੀ ਅੱਗੇ ਜਾਣਾ ਬਿਹਤਰ ਸਮਝਿਆ। ਇਕ ਰਾਹਗੀਰ ਨੇ ਕਿਹਾ ਕਿ ਦੁਪਹਿਰ 2 ਵਜੇ ਤੋਂ ਲਾਈਟਾਂ ਬੰਦ ਸਨ, ਜਿਸ ਕਾਰਨ ਜਾਮ ਲੱਗਾ ਹੋਇਆ ਹੈ। ਅਸੀਂ ਇੱਕ ਘੰਟੇ ਤੋਂ ਇੱਕ ਹੀ ਜਗ੍ਹਾ ’ਤੇ ਖੜ੍ਹੇ ਹਾਂ। ਟ੍ਰੈਫਿਕ ਪੁਲਿਸ ਜਾਂ ਚੌਕੀ ਅਲਾਵਲਪੁਰ ਦਾ ਕੋਈ ਵੀ ਮੁਲਾਜ਼ਮ ਨਹੀਂ ਆਇਆ, ਸਿਰਫ਼ 112 ਵਾਲੇ ਅਤੇ ਸੜਕ ਸੁਰੱਖਿਆ ਫੋਰਸ ਵਾਲੇ ਹੀ ਜਾਮ ਖੁਲਵਾ ਰਹੇ ਸਨ। - ਦੁਕਾਨਦਾਰਾਂ ਨੂੰ ਹੋਇਆ ਨੁਕਸਾਨ ਜਾਮ ਦਾ ਸਭ ਤੋਂ ਵੱਧ ਅਸਰ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ’ਤੇ ਪਿਆ। ਦੁਕਾਨਾਂ ਦੇ ਅੱਗੇ ਵਾਹਨਾਂ ਦੀਆਂ ਕਤਾਰਾਂ ਲੱਗਣ ਕਾਰਨ ਗਾਹਕ ਦੁਕਾਨਾਂ ਤੱਕ ਪਹੁੰਚ ਹੀ ਨਹੀਂ ਸਕੇ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਰੀ ਦੁਪਹਿਰ ਅਤੇ ਸ਼ਾਮ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ। ਇਕ ਦੁਕਾਨਦਾਰ ਨੇ ਕਿਹਾ ਕਿ ‘ਜਾਮ ਕਾਰਨ ਕੋਈ ਗਾਹਕ ਦੁਕਾਨ ’ਤੇ ਨਹੀਂ ਆ ਸਕਿਆ। ਸਾਰਾ ਦਿਨ ਸੜਕ ’ਤੇ ਹਾਰਨਾਂ ਦੀਆਂ ਆਵਾਜ਼ਾਂ ਅਤੇ ਧੂੰਏਂ ਨਾਲ ਭਰਿਆ ਰਿਹਾ। ਸਾਡਾ ਬਹੁਤ ਨੁਕਸਾਨ ਹੋਇਆ ਹੈ।’ - ਲੋਕਾਂ ਨੇ ਕੀਤੀ ਮੰਗ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸ਼ਨਗੜ੍ਹ ਚੌਕ ’ਤੇ ਲਾਈਟਾਂ ਬੰਦ ਹੋਣ ’ਤੇ ਤੁਰੰਤ ਬਦਲਵਾਂ ਪ੍ਰਬੰਧ ਕੀਤਾ ਜਾਵੇ ਅਤੇ ਭੀੜ ਵਾਲੇ ਸਮੇਂ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਤਾਇਨਾਤ ਕੀਤਾ ਜਾਵੇ। ਖਬਰ ਲਿਖੇ ਜਾਣ ਤੱਕ ਅਤੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਸ਼ਾਮ 7 ਵਜੇ ਦੇ ਕਰੀਬ ਟ੍ਰੈਫਿਕ ਪੁਲਿਸ ਕਰਮਚਾਰੀ ਅਤੇ ਸਬੰਧਿਤ ਪੁਲਿਸ ਚੌਕੀ ਅਲਾਵਲਪੁਰ ਦੇ ਮੁਲਾਜ਼ਮ ਜਾਮ ਖੁੱਲਵਾਉਣ ਲਈ ਨਹੀਂ ਪਹੁੰਚੇ ਸਨ। ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਅਤੇ 112 ਕੰਟਰੋਲ ਰੂਮ ਟੀਮ ਤੋਂ ਐੱਸਆਈ ਯੋਗਰਾਜ ਸਿੰਘ ਆਪਣੀ ਟੀਮ ਸਮੇਤ ਜਾਮ ਖਿਲਾਉਣ ਲਈ ਜੱਦੋ ਜਹਿਦ ਕਰ ਰਹੇ ਸਨ।