- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਨੀਵੀਰ ਭਰਤੀ ਰੈਲੀ 14 ਤੋਂ 22 ਨਵੰਬਰ ਤੱਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਵਿਖੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ ਨੇ 14 ਤੋਂ 22 ਨਵੰਬਰ 2026 ਤੱਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਜਲੰਧਰ ਵਿਖੇ ਹੋ ਰਹੀ ਅਗਨੀਵੀਰ ਭਰਤੀ ਰੈਲੀ-2026 ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਇੰਤਜ਼ਾਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ। ਸਬੰਧਿਤ ਅਧਿਕਾਰੀਆਂ ਨਾਲ ਭਰਤੀ ਸਥਾਨ ਦਾ ਦੌਰਾ ਕਰਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ਼ ਪਾਣੀ, ਬੈਠਣ ਦੀ ਵਿਵਸਥਾ, ਮੈਡੀਕਲ ਸਹਾਇਤਾ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਜਾਣ ਤਾਂ ਜੋ ਉਮੀਦਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਡਾਇਰੈਕਟਰ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਮੇਜਰ ਜਨਰਲ ਐੱਮਐੱਸ ਸੱਭਰਵਾਲ ਐੱਸਐੱਮ ਅਤੇ ਕਰਨਲ ਰਸ਼ਮੀ ਨਾਰਾਇਣ ਡਾਇਰੈਕਟਰ ਰਿਕਰੂਟਮੈਂਟ ਵੀ ਮੌਜੂਦ ਸਨ। ਮੇਜਰ ਜਨਰਲ ਐੱਮਐੱਸ ਸੱਭਰਵਾਲ ਐੱਸਐੱਮ ਨੇ ਭਰਤੀ ਅਫ਼ਸਰਾਂ ਦੀ ਟੀਮ ਤੋਂ ਭਰਤੀ ਰੈਲੀ ਦੇ ਇੰਤਜ਼ਾਮ, ਜਿਵੇਂ ਰਨਿੰਗ ਟਰੈਕ, ਡੋਪ ਟੈਸਟ, ਸੀਸੀਟੀਵੀ ਕੈਮਰੇ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਰਨਲ ਰਸ਼ਮੀ ਨਾਰਾਇਣ ਡਾਇਰੈਕਟਰ ਰਿਕਰੂਟਮੈਂਟ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਨੀਲਮ ਮਹੇ ਨੇ ਭਰਤੀ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਨਿਰਧਾਰਿਤ ਸਮੇਂ ਅਨੁਸਾਰ ਆਪਣੇ ਲੋੜੀਂਦੇ ਅਸਲ ਦਸਤਾਵੇਜ਼ ਅਤੇ ਐਡਮਿਟ ਕਾਰਡ ਨਾਲ ਲੈ ਕੇ ਭਰਤੀ ਸਥਾਨ ’ਤੇ ਪਹੁੰਚਣ ਦੀ ਅਪੀਲ ਕੀਤੀ।