- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਾਏ-ਖਾਏ ਨਾਲ ਸ਼ੁਰੂ ਹੋਇਆ ਛੱਠ ਪੂਜਾ ਵਰਤ

ਸ਼ੈਲੀ, ਪੰਜਾਬੀ ਜਾਗਰਣ
ਜਲੰਧਰ : ਸੂਰਜ ਦੀ ਉਪਾਸਨਾ ਤੇ ਸੰਤਾਨ ਦੀ ਲੰਬੀ ਉਮਰ ਦੀ ਕਾਮਨਾ ਨਾਲ ਮਨਾਇਆ ਜਾਣ ਵਾਲਾ ਮਹਾਪਰਵ ਛੱਠ ਵਰਤ ਸ਼ੁੱਕਰਵਾਰ ਨੂੰ ਨਹਾਏ-ਖਾਏ ਦੀ ਰਸਮ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਛੱਠ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਘਰਾਂ ਦੀ ਸਫ਼ਾਈ ਕਰ ਕੇ ਪੂਜਾ ਸਥਾਨ ਨੂੰ ਸਜਾਇਆ ਤੇ ਇਸ਼ਨਾਨ ਕਰਨ ਤੋਂ ਬਾਅਦ ਵਰਤ ਰੱਖਣ ਦਾ ਸੰਕਲਪ ਲਿਆ। ਸ਼ਨਿਚਰਵਾਰ ਨੂੰ ਖਰਨਾ ਦੀ ਰਸਮ ਅਦਾ ਕੀਤੀ ਜਾਵੇਗੀ, ਜਿਸ ਦੌਰਾਨ ਸ਼ਰਧਾਲੂ ਘਰਾਂ ’ਚ ਹੀ ਛੱਠ ਪੂਜਾ ਨਾਲ ਸਬੰਧਿਤ ਪਕਵਾਨ ਤਿਆਰ ਕਰਨਗੇ। ਉੱਧਰ ਐਤਵਾਰ ਨੂੰ ਡੁੱਬਦੇ ਸੂਰਜ ਨੂੰ ਅਰਘ ਦੇਣ ਦੀ ਰਸਮ ਲਈ ਸ਼ੁੱਕਰਵਾਰ ਨੂੰ ਹੀ ਨਹਿਰ ’ਚ ਪਾਣੀ ਛੱਡ ਦਿੱਤਾ ਗਿਆ ਹੈ। ਇਸ ਤੋਂ ਬਾਅਦ ਨਹਿਰ ਦੇ ਕਿਨਾਰਿਆਂ ’ਤੇ ਬਣਾਏ ਜਾ ਰਹੇ ਛੱਠ ਘਾਟਾਂ ਦੀਆਂ ਤਿਆਰੀਆਂ ’ਚ ਤੇਜ਼ੀ ਆ ਗਈ ਹੈ। ਡੀਏਵੀ ਕਾਲਜ ਰੋਡ ਨਹਿਰ, ਗਦਈਪੁਰ ਰੋਡ ਨਹਿਰ ਤੇ ਬਸਤੀ ਬਾਵਾ ਖੇਲ ਨਹਿਰ ਸਮੇਤ ਵੱਖ-ਵੱਖ ਥਾਵਾਂ ’ਤੇ ਘਾਟਾਂ ਨੂੰ ਸਜਾਇਆ ਜਾ ਰਿਹਾ ਹੈ। ਇੱਥੇ ਛੱਠੀ ਮਈਆ ਦੇ ਗੀਤਾਂ ਤੇ ਸਨਮਾਨ ਸਮਾਰੋਹਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਸ਼੍ਰੀ ਛੱਠ ਪੂਜਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ’ਚ ਵਿਕਸਤ ਕੀਤੇ ਗਏ ਛੱਠ ਘਾਟਾਂ ਤੋਂ ਇਲਾਵਾ ਕਈ ਹੋਰ ਥਾਵਾਂ ’ਤੇ ਵੀ ਸ਼ਰਧਾਲੂਆਂ ਵੱਲੋਂ ਸਾਂਝੇ ਤੌਰ ’ਤੇ ਘਾਟ ਤਿਆਰ ਕੀਤੇ ਗਏ ਹਨ। ਇਨ੍ਹਾਂ ਘਾਟਾਂ ’ਤੇ 15 ਨਵੰਬਰ ਨੂੰ ਡੁੱਬਦੇ ਸੂਰਜ ਤੇ 16 ਨਵੰਬਰ ਨੂੰ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੀ ਰਸਮ ਅਦਾ ਕੀਤੀ ਜਾਵੇਗੀ। ਕਮੇਟੀ ਦੇ ਪ੍ਰਮੁੱਖ ਪੰਡਤ ਏਕੇ ਮਿਸ਼ਰਾ ਨੇ ਦੱਸਿਆ ਕਿ ਵੱਖ-ਵੱਖ ਛੱਠ ਘਾਟਾਂ ’ਤੇ ਕਮੇਟੀ ਵੱਲੋਂ ਵਲੰਟੀਅਰ ਤਾਇਨਾਤ ਕੀਤੇ ਜਾਣਗੇ, ਜੋ ਪੂਜਾ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਲਈ ਸੇਵਾਵਾਂ ਨਿਭਾਉਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ ਮੰਗਾਂ ਨੂੰ ਵੀ ਪੂਰਾ ਕੀਤਾ ਗਿਆ ਹੈ। ਪੰਡਤ ਏਕੇ ਮਿਸ਼ਰਾ ਨੇ ਦੱਸਿਆ ਕਿ ਛੱਠ ਵਰਤ ਦੀ ਧਾਰਮਿਕ ਮਹੱਤਤਾ ਸਦੀਆਂ ਪੁਰਾਣੀ ਹੈ। ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਵਰਤ ਦੌਰਾਨ ਸ਼ਰਧਾਲੂਆਂ ਨੂੰ ਸਿਰਫ਼ ਦੋ ਵਾਰ ਭੋਜਨ ਕਰਨ ਦਾ ਮੌਕਾ ਮਿਲਦਾ ਹੈ ਤੇ ਉਹ ਵੀ ਪੂਰੀ ਤਰ੍ਹਾਂ ਸਾਤਵਿਕ ਹੁੰਦਾ ਹੈ। ਸਨਾਤਨ ਪਰੰਪਰਾ ’ਚ ਇਹ ਵਿਸ਼ੇਸ਼ ਵਰਤ ਹੈ, ਜਿਸ ’ਚ ਡੁੱਬਦੇ ਤੇ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੀ ਪਰੰਪਰਾ ਨਿਭਾਈ ਜਾਂਦੀ ਹੈ। ਮਿਥਿਲਾਂਚਲ ਛੱਠ ਪੂਜਾ ਕਮੇਟੀ ਦੇ ਪ੍ਰਮੁੱਖ ਨਵੀਨ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਛੱਠ ਪੂਜਾ ਦੇ ਮੌਕੇ ਅਜੀਤ ਨਗਰ ’ਚ ਹਰ ਸਾਲ ਆਰਜ਼ੀ ਘਾਟ ਤਿਆਰ ਕੀਤਾ ਜਾਂਦਾ ਹੈ। ਇੱਥੇ ਕਿਸ਼ਨਪੁਰਾ, ਅਜੀਤ ਨਗਰ, ਸੂਰਿਆ ਇਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਮਹਾਰਾਜਾ ਰਣਜੀਤ ਸਿੰਘ ਨਗਰ ਤੇ ਉਪਕਾਰ ਨਗਰ ਸਮੇਤ ਕਈ ਇਲਾਕਿਆਂ ਦੇ ਸ਼ਰਧਾਲੂ ਪੂਜਾ ਕਰਨ ਲਈ ਪਹੁੰਚਦੇ ਹਨ। ਪੂਜਾ ਸੰਪੰਨ ਹੋਣ ਤੋਂ ਬਾਅਦ ਇਸ ਘਾਟ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਮਕਸੂਦਾਂ ਸਬਜ਼ੀ ਮੰਡੀ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਸ਼ੰਕਰ ਗੁਪਤਾ ਨੇ ਦੱਸਿਆ ਕਿ ਸ਼ਹਿਰ ’ਚ ਹੋਣ ਵਾਲੀ ਛੱਠ ਪੂਜਾ ਦੌਰਾਨ ਸ਼ਰਧਾਲੂਆਂ ਨੂੰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਤਹਿਤ ਛੱਠ ਘਾਟਾਂ ਦੀ ਸਫ਼ਾਈ ਤੇ ਹੋਰ ਪ੍ਰਬੰਧਾਂ ’ਚ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਛੱਠ ਘਾਟਾਂ ’ਤੇ ਸੁਰੱਖਿਆ ਤੇ ਟ੍ਰੈਫਿਕ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
- ਤਿੰਨ ਦਹਾਕੇ ਪਹਿਲਾਂ ਸਿਰਫ਼ ਫੋਕਲ ਪੁਆਇੰਟ, ਗਦਈਪੁਰ ਤੇ ਬਸਤੀ ਬਾਵਾ ਖੇਲ ’ਚ ਬਣਦੇ ਸਨ ਘਾਟ
ਛੱਠ ਪੂਜਾ ਦਾ ਦਾਇਰਾ ਸਮੇਂ ਦੇ ਨਾਲ ਕਾਫ਼ੀ ਵਧਿਆ ਹੈ। ਤਿੰਨ ਦਹਾਕੇ ਪਹਿਲਾਂ ਸ਼ਹਿਰ ’ਚ ਸਿਰਫ਼ ਫੋਕਲ ਪੁਆਇੰਟ, ਗਦਈਪੁਰ ਤੇ ਬਸਤੀ ਬਾਵਾ ਖੇਲ ’ਚ ਹੀ ਆਰਜ਼ੀ ਘਾਟ ਤਿਆਰ ਕੀਤੇ ਜਾਂਦੇ ਸਨ। ਸਮੇਂ ਦੇ ਨਾਲ ਛੱਠ ਵਰਤ ਰੱਖਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਕਾਰਨ ਇਸ ਦਾ ਦਾਇਰਾ ਵੀ ਵੱਧ ਗਿਆ ਹੈ। ਹੁਣ ਸ਼ਹਿਰ ’ਚ ਕਰੀਬ 20 ਥਾਵਾਂ ’ਤੇ ਸਾਂਝੇ ਤੌਰ ’ਤੇ ਛੱਠ ਘਾਟ ਤਿਆਰ ਕੀਤੇ ਜਾਂਦੇ ਹਨ, ਜਿੱਥੇ ਸ਼ਰਧਾਲੂ ਪਾਣੀ ’ਚ ਖੜ੍ਹੇ ਹੋ ਕੇ ਡੁੱਬਦੇ ਤੇ ਚੜ੍ਹਦੇ ਸੂਰਜ ਨੂੰ ਅਰਘ ਦਿੰਦੇ ਹਨ। ਉਧਰ ਸ਼ਿਵ ਸ਼ਕਤੀ ਸੇਵਾ ਟਰੱਸਟ ਵੱਲੋਂ ਛੱਠ ਪੂਜਾ ਲਈ ਗਦਈਪੁਰ ਨਹਿਰ ਨੇੜੇ ਆਰਜ਼ੀ ਘਾਟ ਤਿਆਰ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਨਹਿਰ ’ਚ ਪਾਣੀ ਪਹੁੰਚਣ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਘਾਟਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਪ੍ਰੇਮ ਕੁਮਾਰ ਸੈਣੀ, ਹਰਿੰਦਰ ਸਿੰਘ, ਕਮਲੇਸ਼ ਗੁਪਤਾ, ਵਿਨੋਦ ਪਟੇਲ, ਬਲਜਿੰਦਰ ਯਾਦਵ, ਮਨੋਜ ਚੌਬੇ, ਅਖਿਲੇਸ਼ ਤਿਵਾੜੀ, ਰਾਜੀਵ ਰੰਜਨ ਤੇ ਅਲੀ ਹਸਨ ਸਮੇਤ ਹੋਰ ਮੈਂਬਰ ਮੌਜੂਦ ਸਨ।