ਫਿਲੌਰ-ਗੁਰਾਇਆ ਜੀਟੀ ਰੋਡ ’ਤੇ ਭਿਆਨਕ ਸੜਕ ਹਾਦਸਾ, ਕੈਂਟਰ ਚਾਲਕ ਗੰਭੀਰ ਜ਼ਖ਼ਮੀ ਫਿਲੌਰ-ਗੁਰਾਇਆ ਜੀਟੀ ਰੋਡ ’ਤੇ ਭਿਆਨਕ ਸੜਕ ਹਾਦਸਾ, ਕੈਂਟਰ ਚਾਲਕ ਗੰਭੀਰ ਜ਼ਖਮੀ
Publish Date: Fri, 13 Nov 2026 07:10 PM (IST)
Updated Date: Fri, 13 Nov 2026 07:12 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਫਿਲੌਰ-ਗੁਰਾਇਆ ਜੀਟੀ ਰੋਡ ’ਤੇ ਪਿੰਡ ਖਹਿਰਾ ਵਿਖੇ ਐੱਚਪੀ ਪੈਟਰੋਲ ਪੰਪ ਦੇ ਸਾਹਮਣੇ ਅੱਜ ਤੜਕਸਾਰ ਕਰੀਬ 3:05 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਇਸ਼ਤਿਹਾਰਬਾਜ਼ੀ ਵਾਲਾ ਵੱਡਾ ਹੋਰਡਿੰਗ ਲੱਦ ਕੇ ਜਾ ਰਹੀ ਸਵਰਾਜ 735 ਟਰੈਕਟਰ-ਟਰਾਲੀ ਦੇ ਪਿੱਛੇ ਇਕ ਆਈਸ਼ਰ ਕੈਂਟਰ ਜ਼ੋਰਦਾਰ ਢੰਗ ਨਾਲ ਟਕਰਾ ਗਿਆ। ਹਾਦਸੇ ’ਚ ਕੈਂਟਰ ਚਾਲਕ ਸੁਖਪਾਲ ਸਿੰਘ ਪੁੱਤਰ ਮੱਖਣ ਸਿੰਘ, ਵਾਸੀ ਭੂੰਦੜ ਹੇੜੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਚਾਲਕ ਕੈਬਿਨ ’ਚ ਬੁਰੀ ਤਰ੍ਹਾਂ ਫਸ ਗਿਆ ਤੇ ਉਸ ਦੀ ਇਕ ਲੱਤ ਬੁਰੀ ਤਰ੍ਹਾਂ ਕੱਟੀ ਗਈ। ਜਾਣਕਾਰੀ ਅਨੁਸਾਰ ਰਾਹਗੀਰ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਹਾਦਸੇ ਸਬੰਧੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਐੱਸਐੱਸਐੱਫ ਦੀ ਟੀਮ ਸਿਰਫ਼ ਪੰਜ ਮਿੰਟਾਂ ’ਚ ਮੌਕੇ ’ਤੇ ਪਹੁੰਚ ਗਈ। ਟੀਮ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਕੈਂਟਰ ਚਾਲਕ ਨੂੰ ਕੈਬਿਨ ’ਚੋਂ ਬਾਹਰ ਕੱਢਿਆ। ਜ਼ਖਮੀ ਦੀ ਜਾਨ ਬਚਾਉਣ ਲਈ ਐੱਸਐੱਸਐੱਫ ਟੀਮ ਵੱਲੋਂ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਖੂਨ ਦਾ ਵਹਾਅ ਰੋਕਣ ਲਈ ਉਸ ਦੀ ਕੱਟੀ ਹੋਈ ਲੱਤ ਨੂੰ ਪੱਟੀ ਨਾਲ ਕੱਸ ਕੇ ਬੰਨ੍ਹਿਆ ਗਿਆ। ਇਸ ਤੋਂ ਬਾਅਦ ਨੈਸ਼ਨਲ ਹਾਈਵੇਅ ਦੀ ਐਂਬੂਲੈਂਸ ਨੰਬਰ 1033 ਨੂੰ ਮੌਕੇ ’ਤੇ ਬੁਲਾਇਆ ਗਿਆ ਤੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਐੱਸਐੱਸਐੱਫ ਟੀਮ ਵੱਲੋਂ ਐੱਨਐੱਚਏਆਈ ਦੀ ਹਾਈਡਰਾ ਕਰੇਨ ਮੰਗਵਾ ਕੇ ਹਾਦਸਾਗ੍ਰਸਤ ਕੈਂਟਰ ਤੇ ਟਰੈਕਟਰ-ਟਰਾਲੀ ਨੂੰ ਮੁੱਖ ਸੜਕ ਤੋਂ ਹਟਾ ਕੇ ਸਾਈਡ ’ਤੇ ਕਰਵਾਇਆ ਗਿਆ, ਜਿਸ ਨਾਲ ਹਾਈਵੇ ’ਤੇ ਆਵਾਜਾਈ ਮੁੜ ਸੁਚਾਰੂ ਢੰਗ ਨਾਲ ਚਾਲੂ ਹੋ ਗਈ। ਦੱਸਿਆ ਗਿਆ ਹੈ ਕਿ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਲਈ ਥਾਣਾ ਫਿਲੌਰ ਦੇ ਐੱਮਐੱਚਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। - ਐੱਸਐੱਸਐੱਫ ਟੀਮ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਇਸ ਕਾਰਵਾਈ ਦੌਰਾਨ ਏਐੱਸਆਈ ਜਸਵਿੰਦਰ ਸਿੰਘ 595/ਜਲੰਧਰ (ਇੰਚਾਰਜ), ਸੀਟੀ ਅਨਿਕੇਤ 3ਆਰ/637 ਤੇ ਸੀਟੀ ਗੁਰਜਸ਼ਨ ਸਿੰਘ 2ਆਰ/400 ਨੇ ਆਪਣੀ ਡਿਊਟੀ ਨਿਭਾਉਂਦਿਆਂ ਜ਼ਖਮੀ ਵਿਅਕਤੀ ਨੂੰ ਸਮੇਂ ਸਿਰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ।