ਡੀਏਵੀ ਕਾਲਜ ਨੇੜੇ ਝੁੱਗੀਆਂ ’ਚ ਰਹਿ ਰਹੇ ਵਿਅਕਤੀਆਂ ’ਤੇ ਦੇਰ ਰਾਤ ਹੋਇਆ ਹਮਲਾ ਡੀਏਵੀ ਕਾਲਜ ਨੇ ਝੁੱਗੀਆਂ ’ਚ ਰਹਿ ਰਹੇ ਵਿਅਕਤੀਆਂ ’ਤੇ ਦੇਰ ਰਾਤ ਹੋਇਆ ਹਮਲਾ
Publish Date: Fri, 13 Nov 2026 07:07 PM (IST)
Updated Date: Fri, 13 Nov 2026 07:09 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਡੀਏਵੀ ਕਾਲਜ ਦੇ ਨਜ਼ਦੀਕ ਪੁਲ ਹੇਠਾਂ ਪੈਂਦੀਆਂ ਰੇਲਵੇ ਲਾਈਨਾਂ ਦੇ ਨਾਲ-ਨਾਲ ਝੁੱਗੀਆਂ ’ਚ ਰਹਿ ਰਹੇ ਵਿਅਕਤੀਆਂ ’ਤੇ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਕੱਤਰ ਲੋਕਾਂ ਦਾ ਕਹਿਣਾ ਹੈ ਕਿ 15 ਤੋਂ 16 ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਜਿਨ੍ਹਾਂ ਵੱਲੋਂ ਉੱਥੇ ਰਹਿ ਰਹੇ ਵਿਅਕਤੀਆਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਡੀਏਵੀ ਕਾਲਜ ਨਜ਼ਦੀਕ ਬਣੇ ਪਖਾਨਿਆਂ ’ਚ ਨੌਕਰੀ ਕਰਦੇ ਰਾਧੇ ਸ਼ਾਮ ਨੇ ਦੱਸਿਆ ਕਿ ਇੱਕ ਵਿਅਕਤੀ ਪਖਾਨੇ ’ਚ ਆਇਆ ਸੀ ਤਾਂ ਪਿੱਛੋਂ ਕੁਝ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਨੇ ਉਸ ’ਤੇ ਦੋਸ਼ ਲਗਾਇਆ ਕਿ ਉਸ ਵੱਲੋਂ ਇਕ ਗਲਤ ਵਿਅਕਤੀ ਨੂੰ ਅੰਦਰ ਵਾੜਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਉਸ ਨੇ ਕਿਸੇ ਵੀ ਗਲਤ ਵਿਅਕਤੀ ਨੂੰ ਅੰਦਰ ਨਹੀਂ ਵਾੜਿਆ ਇੱਥੇ ਪਖਾਨੇ ’ਚ ਕੋਈ ਵੀ ਵਿਅਕਤੀ ਆ ਸਕਦਾ ਹੈ ਤੇ ਜਦੋਂ ਪਖਾਨਾ ਕਰ ਕੇ ਵਿਅਕਤੀ ਬਾਹਰ ਆਇਆ ਤੇ ਉਹ ਵਿਅਕਤੀ ਤਾਂ ਉੱਥੋਂ ਚਲੇ ਗਿਆ ਪਰ ਹਮਲਾਵਾਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਜਦੋਂ ਉਸ ਦੀ ਪਤਨੀ ਉਸ ਨੂੰ ਛਡਾਉਣ ਆਈ ਤਾਂ ਉਨ੍ਹਾਂ ਨੇ ਉਸ ’ਤੇ ਵੀ ਹਮਲਾ ਕੀਤਾ। ਇਸੇ ਦੌਰਾਨ ਨਜ਼ਦੀਕ ਝੁੱਗੀਆਂ ’ਚ ਰਹਿ ਰਹੇ ਵਿਅਕਤੀਆਂ ਨੇ ਦੱਸਿਆ ਕਿ ਜਾਂਦਿਆਂ ਹੋਇਆਂ ਉਨ੍ਹਾਂ ਹਮਲਾਵਰਾਂ ਵੱਲੋਂ ਉਨ੍ਹਾਂ ’ਤੇ ਵੀ ਤੇਜ਼ਧਾਰ ਹਥਿਆਰਾਂ ਤੇ ਬੇਸਬਾਲ ਬੈਟ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਹਮਲਾਵਰਾਂ ਕੋਲ ਬੰਦੂਕ ਵੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲਾਲ ਮਤੀ, ਦਾਦੂ, ਸੰਜੇ ਭਗਵਾਨ ਦਾਸ ਆਦਿ ਨੂੰ ਸੱਟਾਂ ਲੱਗੀਆਂ ਹਨ। ਮੌਕੇ ’ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ’ਤੇ ਪੁੱਜੀ ਪੁਲਿਸ ਨੂੰ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਹਮਲਾਵਾਰ ਉਸ ਵਕਤ ਵੀ ਲਾਈਨਾਂ ਦੇ ਨਜ਼ਦੀਕ ਬੈਠੇ ਹੋਏ ਹਨ, ਜਦੋਂ ਪੁਲਿਸ ਨੇ ਉੱਥੇ ਚੈਕਿੰਗ ਕੀਤੀ ਤਾਂ ਕੋਈ ਵੀ ਵਿਅਕਤੀ ਨਜ਼ਰ ਨਹੀਂ ਆਇਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਗਰ ਨਿਗਮ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਡੀਏਵੀ ਕਾਲਜ ਦੇ ਨਜ਼ਦੀਕ ਪੈਂਦੀਆਂ ਰੇਲਵੇ ਲਾਈਨਾਂ ਦੇ ਆਸ-ਪਾਸ ਬਣੀਆਂ ਹੋਈਆਂ ਝੁੱਗੀਆਂ ’ਤੇ ਕਾਰਵਾਈ ਕਰਦੇ ਹੋਏ ਝੁੱਗੀਆਂ ਨੂੰ ਤੋੜ ਦਿੱਤਾ ਗਿਆ ਹੈ। ਪਰ ਅੱਜ ਜਦੋਂ ਘਟਨਾ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਦੇਖਿਆ ਗਿਆ ਤਾਂ ਉੱਥੇ ਝੁਗੀਆਂ ਉਸੇ ਤਰ੍ਹਾਂ ਬਰਕਰਾਰ ਹਨ। ਜਿਸ ’ਚ ਲੋਕ ਉਸੇ ਤਰ੍ਹਾਂ ਹੀ ਰਹਿ ਰਹੇ ਹਨ। ਮੌਕੇ ’ਤੇ ਵੇਖਣ ਨੂੰ ਮਿਲਿਆ ਕਿ ਝੁੱਗੀਆਂ ’ਚ ਰਹਿ ਰਹੇ ਹਰ ਇਕ ਵਿਅਕਤੀ ਕੋਲ ਸਮਾਰਟ ਫੋਨ ਉਪਲਬਧ ਹੈ। ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਹਮਲਾ ਕੀਤਾ ਗਿਆ ਹੋਵੇ।