ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਤੋਂ ਟਿਕਟ ਮਿਲਣ ਦੀ ਖੁਸ਼ੀ ’ਚ ਸਮਰਥਕਾਂ ਨੇ ਪਾਏ ਭੰਗੜੇ ਹਰਜੋਤ ਕੌਰ ਲੋਹਟੀਆ ਨੂੰ ਫਿਲੌਰ ਤੋਂ ਟਿਕਟ ਮਿਲਣ ਦੀ ਖੁਸ਼ੀ ’ਚ ਸਮਰਥਕਾਂ ਨੇ ਪਾਏ ਭੰਗੜੇ
Publish Date: Fri, 13 Nov 2026 06:55 PM (IST)
Updated Date: Fri, 13 Nov 2026 06:57 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੂੰ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ’ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਖੁਸ਼ੀ ਦੇ ਮੌਕੇ ’ਤੇ ਪਾਰਟੀ ਆਗੂਆਂ, ਵਰਕਰਾਂ ਤੇ ਸਮਰਥਕਾਂ ਵੱਲੋਂ ਢੋਲ ਵਜਾ ਕੇ, ਭੰਗੜੇ ਪਾ ਕੇ ਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਸਮਰਥਕਾਂ ਨੇ ਕਿਹਾ ਕਿ ਥੋੜ੍ਹੇ ਸਮੇਂ ਦੌਰਾਨ ਹੀ ਹਰਜੋਤ ਕੌਰ ਲੋਹਟੀਆ ਨੇ ਹਲਕਾ ਇੰਚਾਰਜ ਵਜੋਂ ਲੋਕਾਂ ਨਾਲ ਮਿਲਣੀਆਂ ਕਰ ਕੇ ਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾ ਕੇ ਹਲਕਾ ਵਾਸੀਆਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਹਲਕੇ ’ਚ ਮਿਲ ਰਹੇ ਲੋਕਾਂ ਦੇ ਪਿਆਰ ਤੇ ਸਮਰਥਨ ਨੂੰ ਦੇਖਦਿਆਂ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ। ਸਮਰਥਕਾਂ ਨੇ ਭਰੋਸਾ ਪ੍ਰਗਟਾਇਆ ਕਿ ਉਹ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ’ਚ ਪਾਉਣਗੇ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਹਲਕਾ ਫਿਲੌਰ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਕੇ ਪਾਰਟੀ ਦੀ ਝੋਲੀ ’ਚ ਪਾਉਣਗੇ। ਉਨ੍ਹਾਂ ਮੁੜ ਮਾਨ ਸਰਕਾਰ ਬਣਾਉਣ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵਰਿੰਦਰ ਸੈਣੀ ਸੰਗਠਨ ਇੰਚਾਰਜ ਹਲਕਾ ਫਿਲੌਰ, ਪ੍ਰਦੀਪ ਦੁੱਗਲ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ, ਰੋਸ਼ਨ ਲਾਲ ਰੋਸ਼ੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਮੁਕੇਸ਼ ਗਾਬਾ, ਅਮਰਜੀਤ ਰਵਿਦਾਸਪੁਰਾ, ਦਲਜੀਤ ਸਿੰਘ ਲਸਾੜਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਫਿਲੌਰ, ਹਰਕਮਲ ਸਿੰਘ ਸਰਪੰਚ ਬੇਗਮਪੁਰ, ਰਮੇਸ਼ਵਰ ਪੰਡਿਤ ਬਲਾਕ ਪ੍ਰਧਾਨ, ਸੁਰਿੰਦਰ ਡਾਬਰ ਕੌਂਸਲਰ, ਸਮੀਰ ਧੀਮਾਨ ਬਲਾਕ ਪ੍ਰਧਾਨ ਫਿਲੌਰ, ਮਨਜੀਤ ਸਿੰਘ ਝਿੱਕਾ ਸਮੇਤ ਪਾਰਟੀ ਦੇ ਆਗੂ, ਸਮਰਥਕ, ਲੀਡਰਸ਼ਿਪ ਤੇ ਵਲੰਟੀਅਰ ਵੱਡੀ ਗਿਣਤੀ ’ਚ ਹਾਜ਼ਰ ਸਨ।