ਸੀਟੀ ਬਿਲਡਫੈਸਟ 2.0 ਸਫ਼ਲਤਾਪੂਰਵਕ ਸੰਪੰਨ ਸੀਟੀ ਬਿਲਡਫੈਸਟ 2.0 ਦਾ ਸਫਲ ਸਮਾਪਨ; 30 ਘੰਟਿਆਂ ਦੇ ਰਾਸ਼ਟਰੀ ਹੈਕਾਥੌਨ ਵਿੱਚ ਦੇਸ਼ ਭਰ ਦੇ 850 ਤੋਂ ਵੱਧ ਵ
Publish Date: Wed, 11 Nov 2026 06:16 PM (IST)
Updated Date: Wed, 11 Nov 2026 06:18 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਜਲੰਧਰ: ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਵੱਲੋਂ ਕਰਵਾਏ ਗਏ 30 ਘੰਟਿਆਂ ਦੇ ਰਾਸ਼ਟਰੀ ਪੱਧਰ ਦੇ ਕੋਡਿੰਗ ਹੈਕਾਥੌਨ ਸੀਟੀ ਬਿਲਡਫੈਸਟ 2.0 ਦਾ ਸਫਲਤਾਪੂਰਵਕ ਸਮਾਪਨ ਹੋਇਆ। ਇਸ ਸਮਾਗਮ ਵਿੱਚ ਦੇਸ਼ ਭਰ ਦੇ ਪ੍ਰਮੁੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ 150 ਤੋਂ ਵੱਧ ਟੀਮਾਂ ਦੇ 850 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੰਚ ਨੇ ਨੌਜਵਾਨ ਪ੍ਰਤਿਭਾਵਾਂ ਨੂੰ ਤਕਨਾਲੋਜੀ ਆਧਾਰਿਤ ਨਵੇਂ ਵਿਚਾਰਾਂ ਅਤੇ ਵਿਹਾਰਕ ਹੱਲਾਂ ਨੂੰ ਵਿਕਸਿਤ ਕਰਨ ਅਤੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ। ਉਦਘਾਟਨੀ ਸਮਾਗਮ ’ਚ ਸੀਐੱਸਆਈਓ, ਚੰਡੀਗੜ੍ਹ ਦੇ ਸਾਇੰਟਿਸਟ-ਜੀ ਅਤੇ ਅਕੈਡਮੀ ਆਫ਼ ਸਾਇੰਟਿਫਿਕ ਐਂਡ ਇਨੋਵੇਟਿਵ ਰਿਸਰਚ (ਐਕਸਿਰ) ਦੇ ਪ੍ਰੋ. (ਡਾ.) ਸਤੀਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਨਵੀਨਤਾ, ਖੋਜ ਅਤੇ ਉੱਭਰਦੀਆਂ ਤਕਨਾਲੋਜੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਵਿਹਾਰਕ ਹੱਲਾਂ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ। ਮੁਕਾਬਲੇ ’ਚ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਨੇ ਪਹਿਲਾ ਸਥਾਨ ਹਾਸਲ ਕਰਦਿਆਂ 11,000 ਰੁਪਏ ਦਾ ਨਕਦ ਇਨਾਮ ਜਿੱਤਿਆ। ਲਾਇਲਪੁਰ ਖਾਲਸਾ ਕਾਲਜ ਨੇ 5,100 ਰੁਪਏ ਦੇ ਇਨਾਮ ਨਾਲ ਦੂਜਾ ਅਤੇ ਏਪੀਜੇ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਜੀਨੀਅਰਿੰਗ ਟੈਕਨੀਕਲ ਕੈਂਪਸ ਨੇ 3,100 ਰੁਪਏ ਦੇ ਇਨਾਮ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਵਿਹਾਰਕ ਗਿਆਨ ਅਤੇ ਉੱਦਮਸ਼ੀਲਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।