ਪੱਤਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਨਾਂ ’ਤੇ ਕਥਿਤ ਵਸੂਲੀ ਕਰਨ ਦੇ ਦੋਸ਼ ਫਿਲੌਰ ਵਿੱਚ ਪੱਤਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਨਾਮ ’ਤੇ ਕਥਿਤ ਵਸੂਲੀ ਕਰਨ ਦੇ ਦੋਸ਼, ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਚਰਚਾ ਵਿੱਚ
Publish Date: Thu, 05 Nov 2026 11:10 PM (IST)
Updated Date: Thu, 05 Nov 2026 11:11 PM (IST)
ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ ਫਿਲੌਰ : ਫਿਲੌਰ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਨਾਮ ’ਤੇ ਕਥਿਤ ਤੌਰ ’ਤੇ ਪੈਸੇ ਮੰਗਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਇਰਲ ਵੀਡੀਓ ਵਿੱਚ ਵਿਸ਼ੂ ਕੱਕੜ ਨਾਮਕ ਵਿਅਕਤੀ ਵੱਲੋਂ ਫਿਲੌਰ ਦੇ ਇੱਕ ਪੱਤਰਕਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਉਸ ਕੋਲੋਂ ਪੁਲਿਸ ਅਧਿਕਾਰੀਆਂ ਦੇ ਨਾਮ ’ਤੇ ਪੈਸਿਆਂ ਦੀ ਮੰਗ ਕੀਤੀ ਗਈ ਸੀ। ਵੀਡੀਓ ਵਿੱਚ ਵਿਸ਼ੂ ਕੱਕੜ ਨੇ ਦਾਅਵਾ ਕੀਤਾ ਹੈ ਕਿ ਉਕਤ ਪੱਤਰਕਾਰ ਵੱਲੋਂ ਫਿਲੌਰ ਦੇ ਐੱਸਐੱਚਓ ਅਤੇ ਡੀਐੱਸਪੀ ਦੇ ਨਾਮ ’ਤੇ ਉਸ ਕੋਲੋਂ 30 ਹਜ਼ਾਰ ਰੁਪਏ ਮੰਗੇ ਗਏ ਸਨ। ਇਸ ਤੋਂ ਇਲਾਵਾ ਉਸ ਨੇ ਕੜਾ ਇਲਾਕੇ ਵਿੱਚ ਪਟਾਕੇ ਵੇਚਣ ਵਾਲੇ ਇੱਕ ਹੋਰ ਵਿਅਕਤੀ ਕੋਲੋਂ ਕਥਿਤ ਤੌਰ ’ਤੇ 65 ਹਜ਼ਾਰ ਰੁਪਏ ਲੈਣ ਦੇ ਵੀ ਦੋਸ਼ ਲਗਾਏ ਹਨ। ਵਿਸ਼ੂ ਕੱਕੜ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਲੈਨੋ ’ਤੇ ਉਦੇਸ਼ ਲੱਕ ਸਟੋਰ ਦੇ ਨੇੜੇ ਇਲਾਕੇ ਵਿੱਚ ਪਟਾਕਿਆਂ ਦੀ ਫੜੀ ਲਗਾਉਂਦਾ ਹੈ। ਉਸ ਦੇ ਦਾਅਵੇ ਅਨੁਸਾਰ ਉਸ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ 30 ਹਜ਼ਾਰ ਰੁਪਏ ਦੇਵੇਗਾ ਤਾਂ ਹੀ ਉਸ ਨੂੰ ਪਟਾਕਿਆਂ ਦੀ ਫੜੀ ਲਗਾਉਣ ਦਿੱਤੀ ਜਾਵੇਗੀ। ਉਸ ਵੱਲੋਂ ਵੀਡੀਓ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਪਟਾਕੇ ਵੇਚਣ ਵਾਲੇ ਵਿਅਕਤੀਆਂ ਤੋਂ ਪੈਸੇ ਲੈਣ ਦਾ ਮਾਮਲਾ ਪੁਲਿਸ ਅਧਿਕਾਰੀਆਂ ਦੇ ਨਾਮ ਨਾਲ ਜੋੜਿਆ ਗਿਆ ਸੀ। ਇਸ ਮਾਮਲੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਵੀਡੀਓ ਵਿੱਚ ਲਗਾਏ ਗਏ ਦੋਸ਼ਾਂ ਦੀ ਹਾਲੇ ਤੱਕ ਕਿਸੇ ਅਧਿਕਾਰਤ ਪੱਧਰ ’ਤੇ ਪੁਸ਼ਟੀ ਨਹੀਂ ਹੋਈ। ਨਾ ਹੀ ਇਹ ਸਪੱਸ਼ਟ ਹੋ ਸਕਿਆ ਹੈ ਕਿ ਕਥਿਤ ਤੌਰ ’ਤੇ ਮੰਗੀ ਜਾਂ ਲਈ ਗਈ ਰਕਮ ਕਿਸੇ ਪੁਲਿਸ ਅਧਿਕਾਰੀ ਤੱਕ ਪਹੁੰਚੀ ਸੀ ਜਾਂ ਨਹੀਂ। ਦੂਜੇ ਪਾਸੇ, ਜਿਸ ਪੱਤਰਕਾਰ ’ਤੇ ਦੋਸ਼ ਲਗਾਏ ਗਏ ਹਨ, ਉਸ ਦਾ ਪੱਖ ਅਤੇ ਪੁਲਿਸ ਪ੍ਰਸ਼ਾਸਨ ਦੀ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਆਉਣੀ ਵੀ ਬਾਕੀ ਹੈ। ਸਥਾਨਕ ਪੱਧਰ ’ਤੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਕਿਸੇ ਵਿਅਕਤੀ ਦੀ ਸ਼ਮੂਲੀਅਤ ਜਾਂ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਸਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।