ਪੁਲਿਸ ਡੀਏਵੀ ਸਕੂਲ ਪੀਏਪੀ ਕੈਂਪਸ ਦੇ 55 ਰਾਸ਼ਟਰੀ ਸੋਨ ਤਮਗਾ ਜੇਤੂਆਂ ਨੂੰ ਕੀਤਾ ਸਨਮਾਨਿਤ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਦੇ 55 ਰਾਸ਼ਟਰੀ ਸੋਨ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ
Publish Date: Thu, 05 Nov 2026 08:13 PM (IST)
Updated Date: Thu, 05 Nov 2026 08:14 PM (IST)
ਤੇਜਿਦੰਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਖੇਡਾਂ ਦੇ ਖੇਤਰ ’ਚ ਨਿੱਤ ਨਵੇਂ ਮੁਕਾਮ ਹਾਸਲ ਕਰ ਰਹੇ ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਜਲੰਧਰ ਦੇ ਹੋਣਹਾਰ 55 ਖਿਡਾਰੀਆਂ ਨੇ ਦਿੱਲੀ ’ਚ ਕਰਵਾਏ ‘ਡੀਏਵੀ ਨੈਸ਼ਨਲ ਸਪੋਰਟਸ 2025’ ’ਚ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸੋਨ ਤਮਗੇ ਜਿੱਤੇ। ਡੀਏਵੀ ਨੈਸ਼ਨਲ ਸਪੋਰਟਸ 2025 ’ਚ ਹਰੇਕ ਸੋਨ ਤਮਗਾ ਜੇਤੂ ਖਿਡਾਰੀ ਨੂੰ ਡੀਏਵੀ ਸੀਐੱਮਸੀ, ਨਵੀਂ ਦਿੱਲੀ ਵੱਲੋਂ 5,100 ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਤਰ੍ਹਾਂ ਕੁੱਲ 2,80,500/- ਦੇ ਨਕਦ ਇਨਾਮ ਵੰਡੇ ਗਏ। ਸੋਨ ਤਮਗਾ ਹਾਸਲ ਕਰਨ ਵਾਲੇ ਸਕੂਲ ਦੇ ਇਨ੍ਹਾਂ 55 ਖਿਡਾਰੀਆਂ ਦੇ ਸਨਮਾਨ ਵਿਚ ਸਕੂਲ ਦੀ ਪ੍ਰਾਰਥਨਾ ਸਭਾ ’ਚ ਇਕ ਸ਼ਾਨਦਾਰ ਉਤਸ਼ਾਹ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਸਾਰੇ ਸੋਨ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲੇ ਵਾਲੀਆਂ ਖੇਡਾਂ ਜਿਵੇਂ ਬਾਕਸਿੰਗ, ਕਰਾਟੇ, ਤਾਈਕਵਾਂਡੋ, ਤੀਰਅੰਦਾਜ਼ੀ, ਵੇਟਲਿਫਟਿੰਗ, ਟੇਬਲ ਟੈਨਿਸ, ਕ੍ਰਿਕਟ, ਹਾਕੀ, ਵਾਲੀਬਾਲ ਤੇ ਬੈਡਮਿੰਟਨ ’ਚ ਆਪਣੀ ਸ੍ਰੇਸ਼ਟਤਾ ਸਾਬਤ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਸਕੂਲ ਦੇ ਚੇਅਰਪਰਸਨ ਐੱਮਐੱਫ ਫਾਰੂਕੀ (ਏਡੀਜੀਪੀ/ਸਪੈਸ਼ਲ ਆਰਮਡ ਪੁਲਿਸ) ਤੇ ਸਕੂਲ ਦੀ ਮੈਨੇਜਰ ਸਵੀਨ ਪੁਰੀ ਨੇ ਵੀ ਸਾਰੇ ਜੇਤੂ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਖਿਡਾਰੀਆਂ ਨੂੰ ਇਨਾਮ ਦਿੰਦਿਆਂ ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਸਬੰਧਿਤ ਖੇਡ ਕੋਚਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਇਨਾਮ ਖਿਡਾਰੀਆਂ ਦੀ ਸਖ਼ਤ ਮਿਹਨਤ, ਸਮਰਪਣ ਤੇ ਅਨੁਸ਼ਾਸਿਤ ਅਭਿਆਸ ਦਾ ਸਨਮਾਨ ਹੈ। ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਦੇ ਖੇਤਰ ’ਚ ਅੱਗੇ ਵਧਣ ਤੇ ਦੇਸ਼ ਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਦੀਆਂ ਹਨ।