ਕੇਐੱਮਵੀ ਨੇ ‘ਵਾਈਬ੍ਰੈਂਟ ਐਂਡ ਗ੍ਰੈਂਡ ਦੀਵਾਲੀ ਦਾ ਤਿਉਹਾਰ ਮਨਾਇਆ ਕੇਐੱਮਵੀ ਵੱਲੋਂ ‘ਵਾਈਬ੍ਰੈਂਟ ਐਂਡ ਗ੍ਰੈਂਡ ਦੀਵਾਲੀ ਦਾ ਤਿਉਹਾਰ ਮਨਾਇਆ
Publish Date: Thu, 05 Nov 2026 06:42 PM (IST)
Updated Date: Thu, 05 Nov 2026 06:44 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਕੰਨਿਆ ਮਹਾਵਿਦਿਆਲਾ ਵੱਲੋਂ ਉਤਸ਼ਾਹ ਨਾਲ ਦੀਵਾਲੀ ਐਕਸਟਰਾਵਿਗੈਨਜਾ ਪ੍ਰਦਰਸ਼ਨੀ-ਕਮ-ਵਿਕਰੀ ਲਗਾਈ ਗਈ। ਇਸ ਮੌਕੇ ਚੰਦਰ ਮੋਹਨ ਪ੍ਰਧਾਨ ਆਰੀਆ ਸਿੱਖਿਆ ਮੰਡਲ ਤੇ ਨੀਰਜਾ ਚੰਦਰ ਮੋਹਨ ਮੈਂਬਰ ਕੇਐੱਮਵੀ ਮੈਨੇਜਿੰਗ ਕਮੇਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਦਾ ਸਵਾਗਤ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸੁਸ਼ਮਾ ਚਾਵਲਾ ਉਪ ਪ੍ਰਧਾਨ, ਡਾ. ਐੱਸਪੀ ਗੁਪਤਾ, ਡਾ. ਕਮਲ ਗੁਪਤਾ, ਡਾ. ਦੀਪਾਲੀ ਲੂਥਰਾ ਮੈਂਬਰ, ਮੈਨੇਜਿੰਗ ਕਮੇਟੀ ਵੀ ਹਾਜ਼ਰ ਸਨ। ਇਹ ਸਮਾਗਮ ਪੀਜੀ ਵਿਭਾਗ ਫੈਸ਼ਨ ਡਿਜ਼ਾਇਨਿੰਗ, ਕਾਸਮਟੋਲੌਜੀ ਵਿਭਾਗ, ਫਾਈਨ ਆਰਟਸ ਵਿਭਾਗ, ਪੱਤਰਕਾਰਤਾ ਤੇ ਜਨਸੰਚਾਰ ਵਿਭਾਗ, ਰਿਟੇਲ ਮੈਨੇਜਮੈਂਟ ਵਿਭਾਗ, ਹੋਸਪਿਟੈਲਿਟੀ ਤੇ ਟੂਰਿਜ਼ਮ ਵਿਭਾਗ ਤੇ ਬੌਟਨੀ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਪ੍ਰਦਰਸ਼ਨੀ ਤੇ ਵਿਕਰੀ ਲਈ ਤਿਆਰ ਕੀਤੀਆਂ ਆਕਰਸ਼ਕ ਚੀਜ਼ਾਂ ਦੀ ਪ੍ਰਸ਼ੰਸਾ ਕਰਦਿਆਂ ਚੰਦਰ ਮੋਹਨ ਨੇ ਕਿਹਾ ਕਿ ਵਿਦਿਆਰਥਣਾਂ ਦੀ ਪੇਸ਼ਕਸ਼ ਤੇ ਉਤਸ਼ਾਹ ਬਹੁਤ ਹੀ ਸ਼ਲਾਘਾਯੋਗ ਹੈ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਹੱਥ ਨਾਲ ਬਣੇ ਸਾਮਾਨ, ਮਜ਼ੇਦਾਰ ਖੇਡਾਂ, ਸੈਲਫ਼ੀ ਸਟੇਸ਼ਨ ਤੇ ਡੀਜੇ ਆਦਿ ਨਾਲ ਕਈ ਸੁੰਦਰ ਸਟਾਲ ਲਗਾਏ ਗਏ। ਪ੍ਰੋਗਰਾਮ ਦੀਆਂ ਮੁੱਖ ਆਕਰਸ਼ਣਾਂ ’ਚ ਕੇਐੱਮਵੀ ਦੀਆਂ ਉੱਭਰਦੀਆਂ ਉੱਦਮੀ ਵਿਦਿਆਰਥਣਾਂ ਵੱਲੋਂ ਲਗਾਈ ਗਈ ‘ਇਨੋਕ੍ਰੀਏਸ਼ਨਜ਼’ ਪ੍ਰਦਰਸ਼ਨੀ ਰਹੀ, ਜਿਸ ’ਚ ਉਨ੍ਹਾਂ ਨੇ ਆਪਣੀ ਕਲਾ ਤੇ ਕਾਬਲੀਅਤ ਦਿਖਾਉਂਦਿਆਂ ਕਈ ਰਚਨਾਤਮਕ ਚੀਜ਼ਾਂ ਜਿਵੇਂ ਸਿਹਤਮੰਦ ਮਠਿਆਈਆਂ, ਸੁਆਦਲੇ ਸਨੈਕਸ, ਹੱਥ ਨਾਲ ਬਣੇ ਦੀਵੇ, ਜੈਲ ਕੈਂਡਲਾਂ, ਘਰ ਸਜਾਵਟ ਦੀਆਂ ਚੀਜ਼ਾਂ, ਜੂਟ ਬੈਗ, ਹਰਬਲ ਸਾਬਣ ਤੇ ਦੀਵਾਰ ਸਜਾਵਟ ਲਈ ਪੇਂਟਿੰਗਾਂ ਤੇ ਫੋਟੋ ਫਰੇਮ ਆਦਿ ਪ੍ਰਦਰਸ਼ਿਤ ਕੀਤੀਆਂ। ਇਸ ਤੋਂ ਇਲਾਵਾ ਰਵਾਇਤੀ ਹਸਤਸ਼ਿਲਪ ਤੇ ਹੋਰ ਸਾਮਾਨ ਦੇ ਸਟਾਲ ਵੀ ਲਗਾਏ ਗਏ ਤਾਂ ਜੋ ਵਿਦਿਆਰਥੀ ਖਰੀਦਦਾਰੀ ਦਾ ਆਨੰਦ ਲੈ ਸਕਣ। ਕਾਲਜ ਦੀਆਂ ਵਿਦਿਆਰਥਣਾਂ ਨੇ ਲੋਕਪ੍ਰਿਯ ਗੀਤਾਂ ’ਤੇ ਸ਼ਾਨਦਾਰ ਨਾਚ ਪੇਸ਼ ਕੀਤਾ। ਇਸ ਮੌਕੇ ਟੀਮ ’ਚ ਡਾ. ਮਧੂਮੀਤ, ਡਾ. ਰਸ਼ਮੀ ਸ਼ਰਮਾ, ਡਾ. ਹਰਪ੍ਰੀਤ ਕੌਰ ਤੇ ਗੀਤੀਕਾ ਸਿੰਘ ਨੂੰ ਵਧਾਈ ਦਿੰਦਿਆਂ ਕਾਲਜ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰਮਈ ਪ੍ਰੋਗਰਾਮ ਨਾ ਸਿਰਫ਼ ਵਿਦਿਆਰਥੀਆਂ ਨੂੰ ਤਾਜ਼ਗੀ ਤੇ ਜੋਸ਼ ਪ੍ਰਦਾਨ ਕਰਦੇ ਹਨ, ਸਗੋਂ ਉਨ੍ਹਾਂ ਨੂੰ ਆਪਣੀਆਂ ਰਚਨਾਤਮਕ ਤੇ ਉੱਦਮੀ ਯੋਗਤਾਵਾਂ ਦਿਖਾਉਣ ਲਈ ਇਕ ਮਜ਼ਬੂਤ ਮੰਚ ਵੀ ਦਿੰਦੇ ਹਨ।