ਪੁਲਿਸ ਡੀਏਵੀ ਪਬਲਿਕ ਸਕੂਲ ’ਚ ਕਰਵਾਇਆ ‘ਸਟੈਮ ਸਪਾਰਕ-2026’ ਸਮਾਗਮ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਵਿਖੇ 'ਸਟੈਮ ਸਪਾਰਕ-2026' ਦਾ ਸ਼ਾਨਦਾਰ ਆਯੋਜਨ
Publish Date: Mon, 02 Nov 2026 06:55 PM (IST)
Updated Date: Mon, 02 Nov 2026 06:56 PM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ, ਜਲੰਧਰ ਕੈਂਟ ਵਿਖੇ ਪ੍ਰਿੰਸੀਪਲ ਡਾ. ਆਰਐੱਸ ਕੰਗ ਦੇ ਦੂਰਦਰਸ਼ੀ ਮਾਰਗਦਰਸ਼ਨ ਤੇ ਕੁਸ਼ਲ ਅਗਵਾਈ ਹੇਠ ਸਟੈਮ ਸਪਾਰਕ-2026 ਦਾ ਸ਼ਾਨਦਾਰ ਤੇ ਉਤਸ਼ਾਹਪੂਰਨ ਆਯੋਜਨ ਕੀਤਾ ਗਿਆ। ‘ਸੁਪਨੇ ਵੇਖੋ, ਖੋਜ ਕਰੋ ਤੇ ਨਵਾਚਾਰ ਨਾਲ ਭਵਿੱਖ ਸਿਰਜੋ’ ਤੇ ‘ਨਵਾਚਾਰ ਦੀ ਉਡਾਣ, ਵਿਗਿਆਨਕ ਸੋਚ ਦੇ ਨਾਲ’ ਦੇ ਪ੍ਰੇਰਨਾਦਾਇਕ ਸੰਦੇਸ਼ ਨੂੰ ਸਮਰਪਿਤ ਇਹ ਵਿਗਿਆਨ ਉਤਸਵ ਕੇਵਲ ਮਾਡਲਾਂ ਦੀ ਪ੍ਰਦਰਸ਼ਨੀ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀ ਕਲਪਨਾਸ਼ਕਤੀ, ਖੋਜ, ਜਗਿਆਸਾ ਤੇ ਨਵਾਚਾਰ ਦਾ ਜੀਵੰਤ ਪ੍ਰਗਟਾਵਾ ਬਣਿਆ। ਇਸ ਸਮਾਗਮ ’ਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਲਗਪਗ 80 ਵਿਦਿਆਰਥੀਆਂ ਨੇ ਵਿਅਕਤੀਗਤ ਤੇ ਸਮੂਹਿਕ ਤੌਰ ਤੇ ਭਾਗ ਲੈਂਦਿਆਂ ਵੱਖ-ਵੱਖ ਵਿਗਿਆਨਕ ਮਾਡਲ, ਕਾਰਜਸ਼ੀਲ ਪ੍ਰਤਿਰੂਪ ਤੇ ਨਵੀਨਤਮ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ। ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਪ੍ਰਤਿਭਾ, ਰਚਨਾਤਮਕ ਸੋਚ ਤੇ ਨਵਾਚਾਰੀ ਦ੍ਰਿਸ਼ਟੀਕੋਣ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਗਿਆਨਕ ਸਿਧਾਂਤਾਂ ਨੂੰ ਵਿਹਾਰਕ ਰੂਪ ’ਚ ਪੇਸ਼ ਕੀਤਾ। ਸਮਾਗਮ ਦੌਰਾਨ ਵਿਗਿਆਨ ਤੇ ਨਵਾਚਾਰ ਦੀ ਮਹੱਤਤਾ ਬਾਰੇ ਪ੍ਰਭਾਵਸ਼ਾਲੀ ਪ੍ਰਸਤੁਤੀ ਦਿੱਤੀ ਗਈ, ਜਦਕਿ ਵਿਦਿਆਰਥੀਆਂ ਵੱਲੋਂ ਵਿਗਿਆਨਕ ਗੀਤ ਤੇ ਪੇਸ਼ ਕੀਤੇ ਮਨਮੋਹਕ ਨਾਚ ਨੇ ਮਾਹੌਲ ਨੂੰ ਊਰਜਾ ਤੇ ਉਤਸ਼ਾਹ ਨਾਲ ਭਰ ਦਿੱਤਾ। ਵਿਦਿਆਰਥੀਆਂ ਦੇ ਯਤਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਪ੍ਰਿੰਸੀਪਲ ਨੇ ਸਾਰੇ ਭਾਗੀਦਾਰਾਂ ਨੂੰ ਯੰਗ ਇਨੋਵੇਟਰ ਦੀ ਮਾਣਮੱਤੀ ਉਪਾਧੀ ਨਾਲ ਨਿਵਾਜਿਆ ਤੇ ਪ੍ਰਮਾਣ-ਪੱਤਰ ਪ੍ਰਦਾਨ ਕੀਤੇ। ਇਸ ਸਫਲ ਆਯੋਜਨ ਨੇ ਵਿਦਿਆਰਥੀਆਂ ’ਚ ਵਿਗਿਆਨਕ ਸੋਚ, ਖੋਜੀ ਬਿਰਤੀ ਤੇ ਨਵਾਚਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਿਆਂ ਉਨ੍ਹਾਂ ਨੂੰ ਭਵਿੱਖ ਦੇ ਨਵੀਆਂ ਖੋਜਾਂ ਕਰਨ ਵਾਲੇ ਨੌਜਵਾਨ ਵਿਗਿਆਨੀ ਬਣਨ ਲਈ ਪ੍ਰੇਰਿਤ ਕੀਤਾ।