ਕੇਐੱਮਵੀ ਨੇ ਜੈਵ-ਤਕਨਾਲੋਜੀ ’ਤੇ ਅਧਾਰਿਤ ਲਗਾਈ ਪ੍ਰਦਰਸ਼ਨੀ ਕੇਐੱਮਵੀ ਵੱਲੋਂ ਬਾਇਓਟੈਕਨੋਲੋਜੀ ਨਵੀਨਤਾਵਾਂ ਤੇ ਹਰਿਤ ਉੱਦਮਤਾ ਦਾ ਪ੍ਰਦਰਸ਼ਨ
Publish Date: Mon, 02 Nov 2026 06:35 PM (IST)
Updated Date: Mon, 02 Nov 2026 06:38 PM (IST)
ਪੱਤਰ ਪ੍ਰੇਰਕ, ਪੰਜਬੀ ਜਾਗਰਣ, ਜਲੰਧਰ ਕੰਨਿਆ ਮਹਾਂ ਵਿਦਿਆਲਿਆ ਵੱਲੋਂ ਵਾਤਾਵਰਣ ਦੀ ਸਥਿਰਤਾ, ਵਿਗਿਆਨਕ ਨਵੀਨਤਾ ਤੇ ਉੱਦਮਤਾ ਨੂੰ ਉਤਸ਼ਾਹਤ ਕਰਨ ’ਚ ਜੈਵ-ਤਕਨਾਲੋਜੀ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ‘ਗ੍ਰੀਨ ਵੈਂਚਰਜ਼ ਵਿਚਾਰਾਂ ਦੇ ਬੀਜ ਬੀਜੋ, ਕਾਰੋਬਾਰਾਂ ਨੂੰ ਵਧਾਓ’ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ’ਚ ਕਈ ਨਵੀਨਤਮ ਸਟਾਲ ਲਗਾਏ ਗਏ, ਜਿਨ੍ਹਾਂ ’ਚ ਵੱਖ-ਵੱਖ ਕਿਸਮਾਂ ਦੇ ਪੌਦੇ, ਬੀਜ, ਸਜਾਵਟੀ ਪੌਦੇ, ਪੌਦਿਆਂ ਤੋਂ ਤਿਆਰ ਉਤਪਾਦ ਤੇ ਜੈਵ-ਤਕਨਾਲੋਜੀ ’ਤੇ ਆਧਾਰਿਤ ਕਾਰੋਬਾਰੀ ਵਿਚਾਰ ਪ੍ਰਦਰਸ਼ਿਤ ਕੀਤੇ ਗਏ। ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਕਾਰਬਨ ਡਾਈਆਕਸਾਈਡ ਨੂੰ ਸੋਖਣ, ਆਕਸੀਜਨ ਪੈਦਾ ਕਰਨ, ਜਲਵਾਯੂ ਨੂੰ ਸੰਤੁਲਿਤ ਰੱਖਣ, ਮਿੱਟੀ ਦੀ ਸੰਭਾਲ ਕਰਨ ਤੇ ਵਾਤਾਵਰਣਕ ਸੰਤੁਲਨ ਬਣਾਈ ਰੱਖਣ ’ਚ ਪੌਦਿਆਂ ਦੀ ਵਿਗਿਆਨਕ ਤੇ ਵਾਤਾਵਰਣਕ ਮਹੱਤਤਾ ਨੂੰ ਦਰਸਾਇਆ ਗਿਆ। ਇਸ ਪ੍ਰਦਰਸ਼ਨੀ ਦਾ ਇਕ ਮੁੱਖ ਆਕਰਸ਼ਣ ਪੌਦਾ ਜੈਵ-ਤਕਨਾਲੋਜੀ ਦੀ ਵਪਾਰਕ ਵਰਤੋਂ ਸੀ, ਖ਼ਾਸ ਕਰਕੇ ਬੀਜ ਤਕਨਾਲੋਜੀ, ਨਰਸਰੀ ਵਿਕਾਸ, ਪੌਦਿਆਂ ਦੇ ਪ੍ਰਸਾਰ ਤੇ ਉੱਚ ਗੁਣਵੱਤਾ ਵਾਲੀ ਪੌਦਿਆਂ ਦੀ ਸਮੱਗਰੀ ਦੇ ਵੱਡੇ ਪੱਧਰ ’ਤੇ ਉਤਪਾਦਨ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ’ਚ ਵਿਗਿਆਨਕ ਨਵੀਨਤਾ, ਵਾਤਾਵਰਣ ਪ੍ਰਤੀ ਜਾਗਰੂਕਤਾ ਤੇ ਉੱਦਮਸ਼ੀਲ ਸੋਚ ਨੂੰ ਉਤਸ਼ਾਹਤ ਕਰਨ ਲਈ ਜੈਵ-ਤਕਨਾਲੋਜੀ ਵਿਭਾਗ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ। ਡਾ. ਸੰਦੀਪ ਕੌਰ ਸੱਗੂ, ਮੁਖੀ, ਜੈਵ-ਤਕਨਾਲੋਜੀ ਵਿਭਾਗ ਨੇ ਇਸ ਉਪਰਾਲੇ ਦਾ ਤਾਲਮੇਲ ਕੀਤਾ ਤੇ ਵਿਦਿਆਰਥੀਆਂ ਨੂੰ ਜੈਵ-ਤਕਨਾਲੋਜੀ ਦੇ ਵਿਹਾਰਕ ਤੇ ਵਪਾਰਕ ਉਪਯੋਗਾਂ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ।