ਜਿਮਖਾਨਾ ਕਲੱਬ ਵਿਖੇ ਸਜੀ ‘ਮਦਨ ਮੋਹਨ ਨਾਈਟ’ ਜਿਮਖਾਨਾ ਕਲੱਬ ਵਿਖੇ ਸਜੀ ‘ਮਦਨ ਮੋਹਨ ਨਾਈਟ’, ਮੈਂਬਰਾਂ ਨੇ ਸੁਰੀਲੇ ਗੀਤਾਂ ਦਾ ਮਾਣਿਆ ਆਨੰਦ
Publish Date: Mon, 02 Nov 2026 12:12 AM (IST)
Updated Date: Mon, 02 Nov 2026 04:09 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਬੀਤੇ ਸ਼ਨੀਵਾਰ ਜਿਮਖਾਨਾ ਕਲੱਬ ਵਿਖੇ ‘ਮਦਨ ਮੋਹਨ ਨਾਈਟ’ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਕਲੱਬ ਦੇ ਮੈਂਬਰਾਂ ਨੇ ਸੁਰੀਲੇ ਗੀਤਾਂ ਦਾ ਖੂਬ ਆਨੰਦ ਮਾਣਿਆ। ਸੰਗੀਤਮਈ ਸ਼ਾਮ ਦੌਰਾਨ ਜਿੱਥੇ ਮੈਂਬਰਾਂ ਨੇ ਪੁਰਾਣੇ ਸਦਾਬਹਾਰ ਗੀਤਾਂ ਦਾ ਲੁਤਫ਼ ਉਠਾਇਆ, ਉੱਥੇ ਹੀ ਵੱਖ-ਵੱਖ ਪਕਵਾਨਾਂ ਦਾ ਵੀ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਭੁਵਨੇਸ਼ ਨੇ ‘ਮੇਰੀ ਆਵਾਜ਼ ਸੁਣੋ’ ਗੀਤ ਦੀ ਪੇਸ਼ਕਾਰੀ ਨਾਲ ਕੀਤੀ। ਇਸ ਤੋਂ ਬਾਅਦ ਗਾਇਕਾ ਪ੍ਰੀਤੀ ਨੇ ‘ਬੇਤਾਬ ਦਿਲ ਕੀ ਤਮੰਨਾ’ ਗੀਤ ਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸੇ ਤਰ੍ਹਾਂ ਗਾਇਕ ਜਿੰਮੀ ਨੇ ‘ਸੋਚੇਂਗੇ ਤੁਮ੍ਹੇਂ ਪਿਆਰ’ ਗੀਤ ਦੀ ਪੇਸ਼ਕਾਰੀ ਨਾਲ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਇਸ ਦੌਰਾਨ ਜਿੰਮੀ ਤੇ ਕ੍ਰਿਤਿਕਾ ਨੇ ਸਾਂਝੇ ਤੌਰ ’ਤੇ ‘ਜ਼ਰਾ ਸਾ ਝੂਮ ਲੂੰ ਮੈਂ’ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਗਾਇਕਾਂ ਵੱਲੋਂ ਇਕ ਤੋਂ ਬਾਅਦ ਇਕ ਪੇਸ਼ ਕੀਤੇ ਗਏ ਸੁਰੀਲੇ ਗੀਤਾਂ ਨੇ ਪੂਰੀ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ। ਇਸ ਮੌਕੇ ‘ਦ ਮਿਊਜ਼ੀਸ਼ੀਅਨ ਮਦਨ ਮੋਹਨ ਯਾਦਗਾਰੀ ਸਭਾ’ ਦੇ ਵਾਈਸ ਪ੍ਰਧਾਨ ਨਿਤਿਨ ਕਪੂਰ ਨੇ ਕਿਹਾ ਕਿ ਅਜਿਹੇ ਸੰਗੀਤਮਈ ਪ੍ਰੋਗਰਾਮ ਨਾ ਸਿਰਫ਼ ਮਹਾਨ ਸੰਗੀਤਕਾਰਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਨ, ਸਗੋਂ ਸੰਗੀਤ ਪ੍ਰੇਮੀਆਂ ਨੂੰ ਵੀ ਇਕ ਸਾਂਝੇ ਮੰਚ ’ਤੇ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ ਗਾਇਕਾਂ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਤੇ ਗੀਤਾਂ ਦਾ ਆਨੰਦ ਮਾਣਿਆ।