ਨਾਰਥ ਦੇ ਸਿਆਸੀ ਅਖਾੜੇ ’ਚ ਭਾਜਪਾ ਦੇ 2 ਭਲਵਾਨ ਹੋਏ ‘ਇਕ’ ਨਾਰਥ ਦੇ ਸਿਆਸੀ ਅਖਾੜੇ ’ਚ ਭਾਜਪਾ ਦੇ ਦੋ ਭਲਵਾਨ ਹੋਏ ‘ਇਕ’
Publish Date: Sun, 01 Nov 2026 09:08 PM (IST)
Updated Date: Mon, 02 Nov 2026 04:05 AM (IST)
ਬਾਵਾ ਹੈਨਰੀ ਤੇ ਧੀਰ ਨੂੰ ਧੋਬੀ ਪਟਕਾ ਦੇਣ ਦੀ ਕੀਤੀ ਤਿਆਰੀ 20 ਸਾਲ ਬਾਅਦ ਇਕ ਵਾਰ ਫਿਰ ਇਕੱਠੇ ਨਜ਼ਰ ਆਏ ਭੰਡਾਰੀ ਤੇ ਨਵਲ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਜਲੰਧਰ ਨਾਰਥ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਬਣਨ ਦੇ ਸੰਕੇਤ ਮਿਲਣ ਲੱਗੇ ਹਨ। ਭਾਜਪਾ ਦੇ ਦੋ ਆਗੂ ਕੇਡੀ ਭੰਡਾਰੀ ਅਤੇ ਨਵਲ ਕੰਬੋਜ, ਜਿਨ੍ਹਾਂ ਵਿਚਾਲੇ ਲੰਬੇ ਸਮੇਂ ਤੋਂ ਸਿਆਸੀ ਦੂਰੀ ਦੀ ਚਰਚਾ ਰਹੀ ਹੈ, ਹੁਣ ਇੱਕੋ ਮੰਚ ’ਤੇ ਇਕੱਠੇ ਨਜ਼ਰ ਆਏ। ਸ਼੍ਰੀ ਦੇਵੀ ਤਾਲਾਬ ਮੰਦਰ ਸਥਿਤ ਅਖਾੜਾ ਜੇਠੂ ਮੱਲ ਵਿੱਚ ਨਵਲ ਭਲਵਾਨ ਦਾ 72ਵੇਂ ਜਨਮ ਦਿਨ ਦੌਰਾਨ ਦੋਵਾਂ ਨੇ ਇਕੱਠੇ ਕੇਕ ਕੱਟ ਕੇ ਆਪਣੀ ਨੇੜਤਾ ਦਾ ਪ੍ਰਗਟਾਵਾ ਕੀਤਾ। ਇਸ ਤਸਵੀਰ ਨੇ ਨਾਰਥ ਹਲਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। --------------------------- 2007 ਦੀ ਟਿਕਟ ਨੇ ਪੈਦਾ ਕੀਤੀ ਸੀ ਦੂਰੀ ਸਾਲ 2007 ਵਿੱਚ ਭਾਜਪਾ ਵੱਲੋਂ ਨਵਲ ਕੰਬੋਜ ਦੀ ਟਿਕਟ ਕੱਟ ਕੇ ਕੇਡੀ ਭੰਡਾਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਸ ਫ਼ੈਸਲੇ ਤੋਂ ਬਾਅਦ ਦੋਵਾਂ ਵਿਚਾਲੇ ਨਾਰਾਜ਼ਗੀ ਦੀ ਚਰਚਾ ਲਗਾਤਾਰ ਹੁੰਦੀ ਰਹੀ। ਹੁਣ ਕਰੀਬ 20 ਸਾਲ ਬਾਅਦ ਦੋਵਾਂ ਆਗੂਆਂ ਦੀ ਇਕੱਠੀ ਤਸਵੀਰ ਸਾਹਮਣੇ ਆਉਣ ਨਾਲ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਪੁਰਾਣੀਆਂ ਸਿਆਸੀ ਦੂਰੀਆਂ ਖ਼ਤਮ ਕਰਕੇ ਨਵੀਂ ਸਾਂਝ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ----------------------- 1997 ਦੀ ਚੋਣ ਵੀ ਰਹੀ ਸੀ ਚਰਚਾ ’ਚ ਨਾਰਥ ਹਲਕੇ ਦੀ ਸਿਆਸਤ ਵਿੱਚ ਨਵਲ ਕੰਬੋਜ ਦਾ ਆਪਣਾ ਇਤਿਹਾਸ ਰਿਹਾ ਹੈ। ਸਾਲ 1997 ਵਿੱਚ ਉਨ੍ਹਾਂ ਨੂੰ ਅਵਤਾਰ ਹੈਨਰੀ (ਸੀਨੀਅਰ) ਕੋਲੋਂ ਕੁਝ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਹਲਕੇ ਦੀ ਸਿਆਸਤ ਵਿੱਚ ਕਈ ਬਦਲਾਅ ਆਏ। ਹੁਣ ਕੇਡੀ ਭੰਡਾਰੀ ਅਤੇ ਨਵਲ ਕੰਬੋਜ ਦੀ ਨੇੜਤਾ ਨੂੰ ਪੁਰਾਣੇ ਸਿਆਸੀ ਸਮੀਕਰਨਾਂ ਦੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ। -------------------------- ਇਕ-ਦੂਜੇ ਦੀ ਮਦਦ ਕਰਨ ਦੇ ਚੱਕਰ ’ਚ ਹੋਏ ਇਕੱਠੇ ਜਨਮ ਦਿਨ ਸਮਾਗਮ ਦੌਰਾਨ ਦੋਵਾਂ ਆਗੂਆਂ ਨੇ ਇਕੱਠੇ ਕੇਕ ਕੱਟਿਆ ਅਤੇ ਦੋਸਤਾਨਾ ਸਬੰਧਾਂ ਦਾ ਪ੍ਰਗਟਾਵਾ ਕੀਤਾ। ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜੇਕਰ ਦੋਵੇਂ ਆਗੂ ਮਿਲ ਕੇ ਚੱਲਦੇ ਹਨ ਤਾਂ ਨਾਰਥ ਹਲਕੇ ਵਿੱਚ ਭਾਜਪਾ ਦੀ ਸਰਗਰਮੀ ਅਤੇ ਰਣਨੀਤੀ ਨੂੰ ਨਵਾਂ ਆਧਾਰ ਮਿਲ ਸਕਦਾ ਹੈ। -------------------- ਬਾਵਾ ਤੇ ਧੀਰ ਲਈ ਵਧ ਸਕਦੀ ਹੈ ਚੁਣੌਤੀ ਨਾਰਥ ਹਲਕੇ ਵਿੱਚ ਬਾਵਾ ਹੈਨਰੀ ਅਤੇ ਧੀਰ ਦੀ ਸਿਆਸੀ ਸਰਗਰਮੀ ਦਰਮਿਆਨ ਭਾਜਪਾ ਦੇ ਇਨ੍ਹਾਂ ਦੋ ਆਗੂਆਂ ਦਾ ਇਕੱਠੇ ਹੋਣਾ ਅਹਿਮ ਮੰਨਿਆ ਜਾ ਰਿਹਾ ਹੈ। ਦੋਵਾਂ ਦੀ ਸਾਂਝ ਨਾਲ ਭਾਜਪਾ ਆਪਣੀ ਸਿਆਸੀ ਤਾਕਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਕੀ ਇਹ ਸਾਂਝ ਆਉਣ ਵਾਲੇ ਸਮੇਂ ਵਿੱਚ ਬਾਵਾ ਹੈਨਰੀ ਅਤੇ ਧੀਰ ਲਈ ਨਵੀਂ ਸਿਆਸੀ ਚੁਣੌਤੀ ਬਣੇਗੀ, ਇਹ ਦੇਖਣਾ ਦਿਲਚਸਪ ਹੋਵੇਗਾ। ------------------------ ਮੇਅਰ ਨੂੰ ਘੇਰਨ ਦੀ ਵੀ ਤਿਆਰੀ ਸ਼ਹਿਰ ਦੀ ਸਿਆਸਤ ਵਿੱਚ ਮੇਅਰ ਨੂੰ ਲੈ ਕੇ ਵੀ ਭਾਜਪਾ ਵੱਲੋਂ ਆਪਣੀ ਰਣਨੀਤੀ ਤਿਆਰ ਕਰਨ ਦੀ ਚਰਚਾ ਹੈ। ਅਜਿਹੇ ਵਿੱਚ ਭੰਡਾਰੀ ਅਤੇ ਕੰਬੋਜ ਦੀ ਨੇੜਤਾ ਨੂੰ ਸਿਰਫ਼ ਇੱਕ ਜਨਮ ਦਿਨ ਸਮਾਗਮ ਦੀ ਤਸਵੀਰ ਮੰਨਣਾ ਮੁਸ਼ਕਲ ਹੈ। ਸਵਾਲ ਇਹ ਹੈ ਕਿ ਕੀ ਦੋਵੇਂ ਆਗੂ ਆਉਣ ਵਾਲੇ ਸਮੇਂ ਵਿੱਚ ਇੱਕਜੁੱਟ ਹੋ ਕੇ ਮੇਅਰ ਅਤੇ ਵਿਰੋਧੀ ਧਿਰ ਨੂੰ ਸਿਆਸੀ ਚੁਣੌਤੀ ਦੇਣ ਲਈ ਮੈਦਾਨ ਵਿੱਚ ਉਤਰਨਗੇ? ਫਿਲਹਾਲ ਇੱਕ ਕੇਕ ਕੱਟਣ ਦੀ ਤਸਵੀਰ ਨੇ ਨਾਰਥ ਦੀ ਸਿਆਸਤ ਵਿੱਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਦੋਸਤੀ ਸਿਰਫ਼ ਸਮਾਗਮ ਤੱਕ ਰਹਿੰਦੀ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਦੇ ਦੋਵੇਂ ਭਲਵਾਨ ਸਿਆਸੀ ਅਖਾੜੇ ਵਿੱਚ ਵੀ ਇੱਕੋ ਟੀਮ ਵਜੋਂ ਨਜ਼ਰ ਆਉਂਦੇ ਹਨ। -------------------------- 2027 ਦੀ ਦੌੜ ਨੇ ਕਰਵਾਈ ਦੋਵਾਂ ਦੀ ਨੇੜਤਾ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਭਾਜਪਾ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਵਲ ਕੰਬੋਜ ਦਾ ਨਾਂ ਵੀ ਸੰਭਾਵੀ ਉਮੀਦਵਾਰਾਂ ਦੀ ਸੂਚੀ ਵਿੱਚ ਅੱਗੇ ਭੇਜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਸਿਆਸੀ ਚਰਚਾ ਦੇ ਦਰਮਿਆਨ ਕੇਡੀ ਭੰਡਾਰੀ ਅਤੇ ਨਵਲ ਕੰਬੋਜ ਦੀ ਨੇੜਤਾ ਵਧੀ ਹੈ। ਜੇਕਰ ਇਹ ਚਰਚਾ ਸਹੀ ਸਾਬਤ ਹੁੰਦੀ ਹੈ ਤਾਂ ਨਾਰਥ ਹਲਕੇ ਵਿੱਚ ਭਾਜਪਾ ਦੀ ਟਿਕਟ ਨੂੰ ਲੈ ਕੇ ਨਵੇਂ ਸਮੀਕਰਨ ਬਣ ਸਕਦੇ ਹਨ। ਦੋ ਦਹਾਕਿਆਂ ਤੋਂ ਚੱਲੀ ਆ ਰਹੀ ਸਿਆਸੀ ਦੂਰੀ ਤੋਂ ਬਾਅਦ ਦੋਵਾਂ ਆਗੂਆਂ ਦਾ ਇਕੱਠੇ ਦਿਖਾਈ ਦੇਣਾ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰ ਰਿਹਾ ਹੈ। -------------------------- ਕੀ 2027 ’ਚ ਕਮਾਲ ਕਰ ਸਕੇਗੀ ਇਹ ਜੋੜੀ 20 ਸਾਲਾਂ ਦੀ ਸਿਆਸੀ ਦੂਰੀ ਤੋਂ ਬਾਅਦ ਕੇਡੀ ਭੰਡਾਰੀ ਅਤੇ ਨਵਲ ਕੰਬੋਜ ਦਾ ਇਕੱਠੇ ਨਜ਼ਰ ਆਉਣਾ ਨਾਰਥ ਦੀ ਸਿਆਸਤ ਵਿੱਚ ਨਵੇਂ ਸਮੀਕਰਨਾਂ ਦੇ ਸੰਕੇਤ ਦੇ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਵਲ ਕੰਬੋਜ ਦਾ ਨਾਂ ਵੀ ਭਾਜਪਾ ਵੱਲੋਂ ਸੰਭਾਵੀ ਉਮੀਦਵਾਰਾਂ ਵਜੋਂ ਅੱਗੇ ਭੇਜਿਆ ਗਿਆ ਹੈ। ਅਜਿਹੇ ਵਿੱਚ ਦੋਵਾਂ ਆਗੂਆਂ ਦੀ ਵਧਦੀ ਨੇੜਤਾ ਨੂੰ ਟਿਕਟ ਦੀ ਦੌੜ ਅਤੇ ਸਿਆਸੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਵਾਲ ਇਹ ਹੈ ਕਿ ਕੀ ਦੋਵਾਂ ਦੀ ਇਹ ਸਾਂਝ ਬਾਵਾ ਹੈਨਰੀ ਅਤੇ ਧੀਰ ਲਈ ਨਵੀਂ ਸਿਆਸੀ ਚੁਣੌਤੀ ਬਣੇਗੀ ਜਾਂ 2027 ਦੇ ਚੋਣ ਅਖਾੜੇ ਵਿੱਚ ਇਹ ਜੋੜੀ ਕੋਈ ਕਮਾਲ ਦਿਖਾਉਣ ਤੋਂ ਪਹਿਲਾਂ ਹੀ ਅੰਦਰੂਨੀ ਸਮੀਕਰਨਾਂ ਵਿੱਚ ਉਲਝ ਜਾਵੇਗੀ।