ਬੱਬਰਾਂ ਦਾ ਦਿੱਤਾ ਪੈਗ਼ਾਮ, ਗ਼ਦਰੀ ਮੇਲੇ ਨੇ। ਬੱਬਰਾਂ ਦਾ ਦਿੱਤਾ ਪੈਗ਼ਾਮ, ਗ਼ਦਰੀ ਮੇਲੇ ਨੇ।
Publish Date: Sun, 01 Nov 2026 08:52 PM (IST)
Updated Date: Mon, 02 Nov 2026 04:05 AM (IST)
ਦਰਸ਼ਨ ਖਟਕੜ ਨੇ ਲਹਿਰਾਇਆ ਗ਼ਦਰੀ ਝੰਡਾ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਵੱਲੋਂ ਗ਼ਦਰੀ ਬਾਬਿਆਂ ਦੇ ਮੇਲੇ ਚ ਜੁੜੇ ਲੋਕਾਂ ਨੂੰ ਜੀ ਆਇਆਂ ਆਖਣ ਅਤੇ ਕਮੇਟੀ ਦੇ ਪ੍ਰਧਾਨ ਪ੍ਰਧਾਨ ਵੱਲੋਂ ਬੱਬਰ ਲਹਿਰ ਦੇ ਸੁਪਨੇ ਸਾਕਾਰ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦੇਣ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਨੇ ਗ਼ਦਰੀ ਝੰਡਾ ਲਹਿਰਾਇਆ ਅਤੇ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਏਜੰਡੇ ਨੂੰ ਹਾਰ ਦੇਣ ਲਈ ਲੋਕ ਤਾਕਤ ਅਤੇ ਲੋਕ ਸੰਗਰਾਮ ਤੇ ਟੇਕ ਰੱਖਣ ਦਾ ਸੱਦਾ ਦਿੱਤਾ। ਅਮੋਲਕ ਸਿੰਘ ਦੇ ਲਿਖੇ ਅਤੇ ਹਰਕੇਸ਼ ਚੌਧਰੀ ਵੱਲੋਂ ਨਿਰਦੇਸ਼ਤ ਸੰਗੀਤ ਨਾਟ ਓਪੇਰਾ ਝੰਡੇ ਦਾ ਗੀਤ ਬਦਲ ਦਿਓ ਸਮਾਜ ਲੋਕਾਂ ਦੇ ਚੇਤਿਆਂ ਚ ਸਦਾ ਵਸਿਆ ਰਹੇਗਾ। ਬੱਬਰ ਅਕਾਲੀ ਲਹਿਰ ਦਾ ਇਤਿਹਾਸ, ਇਸ ਦਾ ਉਦੇਸ਼, ਕੁਰਬਾਨੀਆਂ ਅਤੇ ਅਣਛੋਹੇ ਪੰਨਿਆਂ ਦੀ ਕਹਾਣੀ ਨੂੰ ਆਪਣੀ ਬੁੱਕਲ ਵਿੱਚ ਸਮੋਣ ਵਾਲੇ ਇਸ ਓਪੇਰੇ ਨੇ ਸਮਾਂ ਬੰਨ੍ਹ ਦਿੱਤਾ। ਭੈਣੀ ਸਾਹਿਬ ਤੋਂ ਜਥੇਦਾਰ ਗੁਰਲਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਹੱਲੇ ਦਾ ਦੀਵਾਨ ਪੇਸ਼ ਕੀਤਾ। ਇਸ ਨਿਵੇਕਲੀ ਕਲਾ ਵੰਨਗੀ ਨੇ ਆਪਣੇ ਸਰੋਤਿਆਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਮੰਚ ਰੰਗ ਮੰਚ ਅੰਮ੍ਰਿਤਸਰ ਨਾਲ ਜੁੜੇ ਗਾਇਕ ਕਲਾਕਾਰ ਕੁਸ਼ਾਗਰ ਕਾਲੀਆ ਅਤੇ ਸਾਥੀਆਂ ਨੇ ਪ੍ਰਭਾਵਸ਼ਾਲੀ ਗੀਤ ਪੇਸ਼ ਕੀਤੇ। ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਪੰਡਾਲ ਚ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨ ਕੀਤਾ। ਅੱਜ ਦੇ ਦਿਨ 1984 ਵਿੱਚ ਦਿੱਲੀ ਅਤੇ ਮੁਲਕ ਦੀਆਂ ਅਨੇਕਾਂ ਥਾਵਾਂ ਤੇ ਸਿੱਖ ਭਾਈਚਾਰੇ ਨੂੰ ਵਹਿਸ਼ੀਆਨਾ ਕਤਲੋਗਾਰਦ ਦਾ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਗਈ। ਪੰਜਾਬ ਵਾਸੀਆਂ ਨੂੰ ਹਰ ਵੰਨਗੀ ਦੀਆਂ ਫ਼ਿਰਕੂ ਤਾਕਤਾਂ ਅਤੇ ਫਾਸ਼ੀ ਹਕੂਮਤੀ ਹੱਲੇ ਖ਼ਿਲਾਫ਼, ਆਪਸੀ ਭਾਈਚਾਰਾ ਮਜ਼ਬੂਤ ਕਰਦਿਆਂ ਵਿਸ਼ਾਲ ਲੋਕ ਲਹਿਰ ਉਸਾਰਨ ਦੀ ਅਪੀਲ ਕੀਤੀ ਗਈ। ਇੱਕ ਮਤੇ ਚ ਕਿਹਾ ਕਿ ਮੇਲਾ, ਨਸ਼ਿਆਂ ਦੇ ਸੌਦਾਗਰਾਂ, ਪੁਲਸ, ਸਿਆਸੀ ਗੱਠਜੋੜ ਖ਼ਿਲਾਫ਼ ਜਨਤਕ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਾ ਹੈ। ਸਾਮਰਾਜੀਆਂ ਅਤੇ ਉਹਨਾਂ ਦੇ ਸੇਵਾਦਾਰਾਂ ਦੀ ਮੰਡੀ ਬਣਾ ਧਰਨ ਲਈ ਅਮਰੀਕਾ-ਭਾਰਤ ਸੰਧੀ ਵਰਗੇ ਮਨਸੂਬੇ ਨਾਕਾਮ ਕਰਨ ਲਈ ਲੋਕਾਂ ਨੂੰ ਵਿਰਸੇ ਦੇ ਖ਼ਰੇ ਪਹਿਰੇਦਾਰ ਬਣਦਿਆਂ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਮੇਲਾ, ਜੰਤਰ ਮੰਤਰ ਸਮੇਤ ਪੂਰੇ ਦੇਸ਼ ਅੰਦਰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ ਕੀਤੇ ਜਾਣ ਦਾ ਵਿਰੋਧ ਕਰਦਾ ਹੈ ਇਹ ਮਤਾ ਵੀ ਰੱਖਿਆ ਗਿਆ। ਮੇਲਾ, ਮੰਗ ਕਰਦਾ ਹੈ ਕਿ ਉਮਰ ਖ਼ਾਲਿਦ ਸਮੇਤ ਸਭਨਾਂ ਰਾਜਨੀਤਕ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ। ਮੇਲਾ, ਉੜੀਸਾ ਵਿੱਚ ਵੇਦਾਂਤਾ ਅਤੇ ਅਡਾਨੀ ਨੂੰ ਬੌਕਸਾਈਡ ਦੀ ਅੰਨ੍ਹੀ ਲੁੱਟ ਕਰਨ ਦੀਆਂ ਖੁੱਲ੍ਹਾ ਦੇਣ ਅਤੇ ਡਾ. ਰੈਂਡਲ ਸੁਕੀਰਾ ਵਰਗਿਆਂ ਉਪਰ ਯੂ.ਏ.ਪੀ.ਏ. ਮੜ੍ਹਨ ਦੀ ਤਿੱਖੀ ਆਲੋਚਨਾ ਕਰਦਾ ਹੈ। ਅਰੁਨਾਚਲ ਪ੍ਰਦੇਸ਼ ਅੰਦਰ ਡੈਮਾਂ ਦੀ ਉਸਾਰੀ, ਕੁਦਰਤੀ ਅਨਮੋਲ ਸੋਮਿਆਂ ਨੂੰ ਹੜ੍ਹੱਪਣ ਲਈ ਬਹੁ-ਕੌਮੀ ਕਾਰਪੋਰੇਸ਼ਨਾਂ ਨੂੰ ਅੰਨ੍ਹੀ ਖੁੱਲ੍ਹ ਦੇਣਾ ਬੰਦ ਕਰਨ ਦੀ ਮੰਗ ਕੀਤੀ ਗਈ। ਮੇਲਾ, ਮੰਗ ਕਰਦਾ ਹੈ ਕਿ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੀ ਇਤਿਹਾਸਕ ਵਿਰਾਸਤ ਮਿਟਾਉਣ, ਤਾਲ਼ੇ ਤੋੜਕੇ ਅੰਦਰ ਵੜਨ ਦੇ ਮਨਸੂਬੇ ਬੰਦ ਕਰਕੇ ਕੰਪਲੈਕਸ ਨੂੰ ਯਾਦਗਾਰ ਵਜੋਂ ਬਕਾਇਦਾ ਮਾਨਤਾ ਦਿੱਤੀ ਜਾਏ। ਮੇਲਾ, ਮੰਗ ਕਰਦਾ ਹੈ ਕਿ ਚੋਟੀ ਦੇ ਇਨਕਲਾਬੀ ਕਵੀ ਪਾਸ਼ ਦਾ ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਮੌਕੇ ਪਾਸ਼ ਹੰਸ ਰਾਜ ਕੰਪਲੈਕਸ ਅੰਦਰ ਦਾਖ਼ਲ ਹੋ ਕੇ ਤਲਵੰਡੀ ਸਲੇਮ ਦੇ ਸਰਪੰਚ ਅਤੇ ਉਸ ਦੇ ਜੋਟੀਦਾਰਾਂ ਵੱਲੋਂ ਹੱਲਾ ਬੋਲਣ, ਮਜ਼ਦੂਰ ਆਗੂ, ਕਹਾਣੀਕਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਖ਼ਿਲਾਫ਼ ਜ਼ਬਰਦਸਤ ਲੋਕ ਰੋਹ ਉੱਠਣ ਕਾਰਨ ਕੇਸ ਦਰਜ ਹੋਇਆ ਪਰ ਦੋ ਮਹੀਨੇ ਤੋਂ ਵੱਧ ਅਰਸਾ ਬੀਤ ਜਾਣ ਦੇ ਬਾਵਜੂਦ ਮੁਜ਼ਰਿਮਾਂ ਦੀ ਗ੍ਰਿਫ਼ਤਾਰੀ ਨਾ ਕਰਨ ਦੀ ਨਿੰਦਾ ਕਰਦਾ ਹੈ। ਮੇਲੇ ਚ ਪਹੁੰਚੇ ਬੱਬਰਾਂ ਦੇ ਪਿੰਡਾਂ ਘੜੂਆਂ, ਪੰਡੋਰੀ ਗੰਗਾ ਸਿੰਘ, ਮਾਣਕੋ, ਸਾਂਧਰਾ, ਘੁਮਿਆਲਾ, ਧੁੱਗਾ, ਝਿੰਗੜਾਂ, ਨੰਗਲ ਕਲਾਂ, ਜੌਹਲਾਂ, ਬਹਿਬਲਪੁਰ, ਫਤਿਹਪੁਰ ਕੋਠੀ, ਖੁਰਦਪੁਰ, ਮਡੇਰਾ, ਕੋਟਫਤੂਹੀ, ਸਿੰਗੜੀਵਾਲਾ, ਧਾਮੀਆਂ ਕਲਾਂ, ਸੰਗਤਪੁਰ, ਮਾਂਗਟ, ਹਰਿਓਂ, ਕੌਲਗੜ੍ਹ ਆਦਿ ਦਾ ਸਨਮਾਨ ਕੀਤਾ ਗਿਆ। ਗ਼ਦਰੀ ਬਾਬਿਆਂ ਦੇ ਮੇਲੇ ਦੇ ਮੁੱਖ ਵਕਤਾ ਡਾ. ਨਵਸ਼ਰਨ ਨੇ ਬੱਬਰ ਅਕਾਲੀ ਲਹਿਰ ਦੇ ਇਤਿਹਾਸਕ ਹਵਾਲੇ ਨਾਲ ਕਿਹਾ ਕਿ ਬੱਬਰਾਂ ਦਾ ਐਲਾਨ ਹੋਇਆ ਕਰਦਾ ਸੀ ਕਿ ਗੋਰੇ ਹਾਕਮ ਕੌਣ ਹੁੰਦੇ ਨੇ ਸਾਡੇ ਅੰਬਾਂ ਦੇ ਬਾਗ਼ਾਂ, ਸਾਡੇ ਖੇਤਾਂ ਦੀ ਨਿਲਾਮੀ ਕਰਨ ਵਾਲੇ, ਇਹ ਹੈ ਸਾਡਾ ਵਿਰਸਾ। ਅੱਜ ਅਜੇਹੇ ਵਿਰਸੇ ਵਾਲੀ ਧਰਤੀ ਹੀ ਸਾਮਰਾਜੀ ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀ ਪਾ ਦਿੱਤੀ ਹੈ। ਡਾ. ਨਵਸ਼ਰਨ ਨੇ ਬੌਕਸਾਈਟ ਵਰਗੇ ਕੁਦਰਤੀ ਅਨਮੋਲ ਖਜ਼ਾਨਿਆਂ ਦੀ ਅੰਨ੍ਹੀ ਲੁੱਟ ਕਾਰ ਵਾਲੇ ਨਿਜ਼ਾਮ ਨੂੰ ਮੂਲੋਂ ਬਦਲਣ ਲਈ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਮਾਰਗ ਦਰਸ਼ਕ ਅਤੇ ਪ੍ਰੇਰਨਾਦਾਇਕ ਹੈ। ਆਪਣੇ ਪਿੰਡਾਂ, ਆਪਣੀ ਮਿੱਟੀ ਤੋਂ ਉਜਾੜੇ ਜਾ ਰਹੇ ਮਜ਼ਦੂਰਾਂ ਸਾਹਮਣੇ ਸੰਗਰਾਮ ਕਰਨਾ ਹੀ ਇੱਕੋ ਇੱਕ ਸੁਵੱਲੜਾ ਰਾਹ ਬਾਕੀ ਰਹਿ ਗਿਆ ਹੈ। ਉਨਾਂ ਕਿਹਾ ਕਿ ਐੱਸਆਈਆਰ ਮੁਕੰਮਲ ਤੌਰ ਤੇ ਫਾਸ਼ਿਸ਼ਟ ਏਜੰਡਾ ਹੈ। ਹੁਣ ਮਜ਼ਦੂਰਾਂ ਲਈ ਹਰ ਤਰ੍ਹਾਂ ਹੱਕ ਹਕੂਕ ਲਈ ਜਦੋ ਜਹਿਦ ਕਰਨਾ ਲਾਜ਼ਮ ਹੈ। ਡਾ. ਨਵਸ਼ਰਨ ਨੇ ਕਿਹਾ ਕਿ ਦਿੱਲੀ ਹਥਿਆਰਬੰਦ ਦਸਤਿਆਂ ਦੀ ਛਾਉਣੀ ਬਣ ਜਾਣ ਕਾਰਨ ਬੇਪਛਾਣ ਕਰ ਦਿੱਤੀ ਹੈ। ਪੁਲਿਸ ਲੋਕਾਂ ਦੇ ਘਰਾਂ, ਹੋਸਟਲਾਂ, ਪੀਜੀ ਜਾ ਕੇ ਹੁਕਮ ਚਾੜ੍ਹਦੀ ਹੈ ਕਿ ਘਰਾਂ ਤੋਂ ਬਾਹਰ ਨਹੀਂ ਨਿਕਲਣਾ। ਸਲਾਮ ਹੈ ਦਿੱਲੀ ਦੀਆਂ ਕੁੜੀਆਂ ਨੂੰ ਜੋ ਡਟਕੇ ਸੜਕਾਂ ਤੇ ਨਿਕਲੀਆਂ। ਉਨਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਅੱਜ ਕੱਲ੍ਹ ਹੁਕਮ ਚਾੜ੍ਹ ਰਹੀ ਹੈ ਕਿ ਮੇਲਿਆਂ ’ਚ ਕਿਤਾਬਾਂ ਦੇ ਸਟਾਲ ਨਹੀਂ ਲੱਗਣਗੇ। ਮੇਲੇ ਚ ਲੋਕ ਸੰਗੀਤ ਮੰਡਲੀ ਭਦੌੜ ਮਾਸਟਰ ਰਾਮ ਕੁਮਾਰ ਨੇ ਮੰਗਤ ਰਾਮ ਪਾਸਲਾ ਦੀ ਗਜ਼ਲ ਕੋਇਲ ਸਮੇਤ ਕਈ ਗੀਤ ਪੇਸ਼ ਕੀਤੇ। ਗੁਰਸ਼ਰਨ ਸਿੰਘ ਦਾ ਨਾਟਕ ਤਮਾਸ਼ਾ-ਏ-ਹਿੰਦੋਸਤਾਨ ਏਕੱਤਰ ਦੀ ਨਿਰਦੇਸ਼ਨਾ ਚ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਟੀਮ ਨੇ ਪੇਸ਼ ਕੀਤਾ। ਇਸ ਉਪਰੰਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਦੇ ਰੰਗਾਂ ਚ ਰੰਗਿਆ ਮੇਲਾ ਵੇਖਣ ਲਈ ਖ਼ਬਰ ਲਿਖੇ ਜਾਣ ਵੇਲੇ ਤੱਕ ਹੋਰ ਵੀ ਦਰਸ਼ਕ ਹਾਲ ਚ ਪੁੱਜ ਰਹੇ ਸਨ।