ਕਾਰ ਤੇ ਮੋਟਰਸਾਈਕਲ ਦੀ ਟੱਕਰ, ਇੱਕੋ ਪਰਿਵਾਰ ਦੇ 4 ਜੀਅ ਜ਼ਖ਼ਮੀ ਫਗਵਾੜਾ-ਗੁਰਾਇਆ ਜੀਟੀ ਰੋਡ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ, ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖ਼ਮੀ
Publish Date: Sat, 31 Oct 2026 10:07 PM (IST)
Updated Date: Sun, 01 Nov 2026 04:05 AM (IST)
ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ ਫਿਲੌਰ ਫਗਵਾੜਾ ਤੋਂ ਗੁਰਾਇਆ ਵੱਲ ਜਾਂਦੇ ਜੀਟੀ ਰੋਡ ’ਤੇ ਓਮਕਾਰ ਢਾਬੇ ਨੇੜੇ ਸ਼ਨੀਵਾਰ ਸ਼ਾਮ ਕਰੀਬ 4:45 ਵਜੇ ਰੇਨੋ ਕਾਰ ਤੇ ਸਪਲੈਂਡਰ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇੱਕੋ ਪਰਿਵਾਰ ਦੇ 4 ਮੈਂਬਰ, ਪਤੀ-ਪਤਨੀ ਤੇ ਉਨ੍ਹਾਂ ਦੀਆਂ 7 ਸਾਲਾ ਤੇ 6 ਮਹੀਨੇ ਦੀਆਂ 2 ਛੋਟੀਆਂ ਬੱਚੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਨਿਤੀਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਜਲੰਧਰ ਕੈਂਟ ਆਪਣੀ ਪਤਨੀ ਵੰਦਨਾ ਤੇ 2 ਬੇਟੀਆਂ ਵੰਦਿਤਾ ਤੇ ਇਸ਼ਾਨੀ ਨਾਲ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 08 ਈਏ 4707 ’ਤੇ ਜਾ ਰਹੇ ਸਨ। ਇਸ ਦੌਰਾਨ ਓਮਕਾਰ ਢਾਬੇ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਰੇਨੋ ਕਾਰ ਨੰਬਰ ਪੀਬੀ 10 ਈਐੱਫ 0970 ਨਾਲ ਟੱਕਰ ਹੋ ਗਈ, ਜਿਸ ਕਾਰਨ ਚਾਰੋਂ ਜਣੇ ਜ਼ਖ਼ਮੀ ਹੋ ਗਏ। ਰਾਹਗੀਰ ਵੱਲੋਂ ਸੂਚਨਾ ਮਿਲਣ ’ਤੇ ਐੱਸਐੱਸਐੱਫ ਰੂਟ ਨੰਬਰ 94506 ਦੀ ਟੀਮ ਨੂੰ ਸ਼ਾਮ 4:50 ਵਜੇ ਹਾਦਸੇ ਬਾਰੇ ਜਾਣਕਾਰੀ ਮਿਲੀ ਤੇ ਟੀਮ 4 ਮਿੰਟਾਂ ’ਚ ਹੀ ਮੌਕੇ ’ਤੇ ਪਹੁੰਚ ਗਈ। ਐੱਸਐੱਸਐੱਫ ਇੰਚਾਰਜ ਏਐੱਸਆਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ। ਸਿਵਲ ਹਸਪਤਾਲ ਫਿਲੌਰ ਵਿਖੇ ਡਾਕਟਰਾਂ ਵੱਲੋਂ ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦਿਆਂ ਚਾਰਾਂ ਨੂੰ ਬਿਹਤਰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਲੁਧਿਆਣਾ ਭੇਜਿਆ ਗਿਆ। ਐੱਸਐੱਸਐੱਫ ਇੰਚਾਰਜ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਇਹ ਮਾਮਲਾ ਥਾਣਾ ਗੁਰਾਇਆ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ ਤੇ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।