ਨਾਹਰਪੁਰ ’ਚ ਛਾਪੇਮਾਰੀ, 2 ਨੌਜਵਾਨਾਂ ਨੂੰ ਕੀਤਾ ਕਾਬੂ
ਨਸ਼ਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਨਾਹਰਪੁਰ ਵਿੱਚ ਛਾਪੇਮਾਰੀ ਕਰਕੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ
Publish Date: Sat, 31 Oct 2026 09:30 PM (IST)
Updated Date: Sun, 01 Nov 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ’ਤੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਕਰਤਾਰਪੁਰ ਥਾਣੇ ਦੇ ਅਧਿਕਾਰ ਖੇਤਰ ’ਚ ਆਉਂਦੇ ਪਿੰਡ ਨਾਹਰਪੁਰ ’ਚ ਛਾਪੇਮਾਰੀ ਤੇ ਤਲਾਸ਼ੀ ਮੁਹਿੰਮ ਚਲਾਈ। ਜ਼ਿਕਰਯੋਗ ਹੈ ਕਿ ਭਾਵੇਂ ਇਹ ਇਲਾਕਾ ਥਾਣਾ ਕਰਤਾਰਪੁਰ ਦੀ ਹੱਦ ’ਚ ਪੈਂਦਾ ਹੈ ਪਰ ਐੱਸਐੱਸਪੀ ਵੱਲੋਂ ਉਚੇਚੇ ਤੌਰ ’ਤੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਇਸ ਪਿੰਡ ’ਚ ਨਸ਼ੇ ਦੇ ਗੜ੍ਹ ਨੂੰ ਖਤਮ ਕਰਨ ਲਈ ਉਚੇਚੇ ਤੌਰ ’ਤੇ ਡਿਊਟੀਆਂ ਲਾਈਆਂ ਹਨ। ਥਾਣਾ ਮੁਖੀ ਬਲਬੀਰ ਸਿੰਘ ਨੇ ਕਾਰਵਾਈ ਦੌਰਾਨ ਨਸ਼ਾ ਤਸਕਰੀ ਦੇ ਸ਼ੱਕੀ ਵਿਅਕਤੀਆਂ ਦੇ ਨਾਲ-ਨਾਲ ਇਲਾਕੇ ’ਚੋਂ ਲੰਘਣ ਵਾਲੇ ਵਾਹਨ ਚਾਲਕਾਂ ਦੀ ਵੀ ਜਾਂਚ ਕੀਤੀ। ਥਾਣਾ ਮੁਖੀ ਬਲਬੀਰ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਉਹ ਆਪਣੀਆਂ ਗਤੀਵਿਧੀਆਂ ਬੰਦ ਕਰ ਦੇਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਵੇਚਦਾ ਜਾਂ ਸੇਵਨ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਨੇ ਦੱਸਿਆ ਕਿ ਦੋ ਨੌਂਜਵਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ, ਜੋ ਇਲਾਕੇ ਤੋਂ ਬਾਹਰੋਂ ਨਸ਼ਾ ਖਰੀਦਣ ਆਏ ਸਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।