ਪਾਰਕ ਵਿਚ ਵਿਸ਼ਾਲ ਬਾਂਦਰ ਦੇਖ ਲੋਕ ਦਹਿਸ਼ਤ ’ਚ ਪਾਰਕ ਵਿੱਚ ਵਿਸ਼ਾਲ ਬਾਂਦਰ ਦੇਖ ਲੋਕਾਂ ਵਿੱਚ ਦਹਿਸ਼ਤ
Publish Date: Sat, 31 Oct 2026 08:33 PM (IST)
Updated Date: Sun, 01 Nov 2026 04:05 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਸ਼ਨੀਵਾਰ ਸਵੇਰੇ ਅਰਬਨ ਅਸਟੇਟ ਫੇਜ਼-2 ਦੇ ਡੀ-ਬਲਾਕ ਸਥਿਤ ਇੱਕ ਪਾਰਕ ’ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਸਵੇਰ ਦੀ ਸੈਰ ਕਰਨ ਆਏ ਲੋਕਾਂ ਨੇ ਇੱਕ ਬਹੁਤ ਵੱਡਾ ਬਾਂਦਰ ਦੇਖਿਆ। ਜਾਨਵਰ ਦੇ ਅਚਾਨਕ ਸਾਹਮਣੇ ਆਉਣ ਨਾਲ ਪਾਰਕ ’ਚ ਮੌਜੂਦ ਬਜ਼ੁਰਗ, ਔਰਤਾਂ ਤੇ ਬੱਚੇ ਸਹਿਮ ਗਏ। ਸਾਵਧਾਨੀ ਵਜੋਂ ਲੋਕਾਂ ਨੇ ਪਾਰਕ ਖਾਲੀ ਕਰ ਦਿੱਤਾ। ਸਥਾਨਕ ਵਸਨੀਕਾਂ ਅਨੁਸਾਰ ਸਵੇਰ ਵੇਲੇ ਕਾਫ਼ੀ ਗਿਣਤੀ ’ਚ ਲੋਕ ਕਸਰਤ ਕਰਨ ਲਈ ਪਾਰਕ ’ਚ ਆਉਂਦੇ ਹਨ। ਇਸੇ ਦੌਰਾਨ ਉਨ੍ਹਾਂ ਨੇ ਬਾਂਦਰ ਨੂੰ ਪਾਰਕ ਦੇ ਅੰਦਰ ਘੁੰਮਦੇ ਹੋਏ ਦੇਖਿਆ। ਇਸ ਦੇ ਵੱਡੇ ਆਕਾਰ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਡਰ ਗਏ। ਮੌਕੇ ’ਤੇ ਮੌਜੂਦ ਸਮਾਜ-ਸੇਵੀ ਸੰਜੀਵ ਦੇਵ ਸ਼ਰਮਾ ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸ਼ਾਂਤ ਰਹਿਣ ਦੀ ਅਪੀਲ ਕੀਤੀ। ਕੁਝ ਦੇਰ ਬਾਅਦ, ਬਾਂਦਰ ਇੱਕ ਦਰੱਖਤ ’ਤੇ ਚੜ੍ਹ ਗਿਆ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਘਟਨਾ ਤੋਂ ਬਾਅਦ ਸਥਾਨਕ ਵਸਨੀਕਾਂ ਨੇ ਜੰਗਲਾਤ ਵਿਭਾਗ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਰਿਹਾਇਸ਼ੀ ਇਲਾਕਿਆਂ ਤੇ ਪਾਰਕਾਂ ’ਚ ਜੰਗਲੀ ਜਾਨਵਰਾਂ ਦੇ ਆਉਣ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਰਿਹਾਇਸ਼ੀ ਖੇਤਰਾਂ ’ਚ ਅਜਿਹੇ ਬਾਂਦਰਾਂ ਦੀ ਮੌਜੂਦਗੀ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ। ਉਨ੍ਹਾਂ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਜਾਨਵਰਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਕੁਦਰਤੀ ਰਹਿਣ-ਸਹਿਣ ਵਾਲੇ ਸਥਾਨਾਂ ’ਤੇ ਵਾਪਸ ਭੇਜਣ ਲਈ ਢੁੱਕਵੀਂ ਕਾਰਵਾਈ ਕੀਤੀ ਜਾਵੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਛੋਟੇ ਬੱਚੇ ਸਵੇਰ ਤੇ ਸ਼ਾਮ ਦੇ ਸਮੇਂ ਪਾਰਕ ’ਚ ਜਾਣ ਤੋਂ ਡਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਪਾਰਕਾਂ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕੁਝ ਵਸਨੀਕਾਂ ਨੇ ਦੋਸ਼ ਲਾਇਆ ਕਿ ਕੁਝ ਇਲਾਕਿਆਂ ’ਚ ਲੋਕ ਜੰਗਲੀ ਜਾਨਵਰਾਂ ਨੂੰ ਆਪਣੇ ਵਾਹਨਾਂ ਦੇ ਬੋਨਟ ’ਤੇ ਬੈਠਣ ਲਈ ਉਤਸ਼ਾਹਿਤ ਕਰ ਕੇ ਜਾਂ ਉਨ੍ਹਾਂ ਨਾਲ ਫੋਟੋਆਂ ਤੇ ਵੀਡੀਓ ਬਣਾ ਕੇ ਜੰਗਲੀ ਜੀਵਾਂ ਨੂੰ ਪਰੇਸ਼ਾਨ ਕਰਦੇ ਹਨ। ਸਥਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਜਿਹੇ ਮਾਮਲਿਆਂ ’ਚ ਸਖ਼ਤ ਕਾਰਵਾਈ ਕਰੇ ਤਾਂ ਜੋ ਜੰਗਲੀ ਜੀਵਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਅਜੈ ਸੇਖੜੀ, ਇੰਦਰਜੀਤ ਸਿੰਘ, ਐੱਸਪੀ ਸਿੰਘ ਕਰਤਾਰ, ਵਰਿੰਦਰਜੀਤ ਸਿੰਘ, ਵਿਮਲ ਮਲਹੋਤਰਾ ਤੇ ਸਮਾਜ ਸੇਵੀ ਸੰਜੀਵ ਦੇਵ ਸ਼ਰਮਾ ਸਮੇਤ ਹੋਰ ਲੋਕ ਮੌਜੂਦ ਸਨ।