ਪਰਮਾਤਮਾ ਦਾ ਨਾਮ ਹੀ ਆਤਮਾ ਦੇ ਹਰ ਰੋਗ ਦੀ ਅਚੂਕ ਦਵਾਈ : ਭਾਰਦਵਾਜ “ਜੋ ਜੋ ਦੀਸੈ ਸੋ ਸੋ ਰੋਗੀ॥” ਪਰਮਾਤਮਾ ਦਾ ਨਾਮ ਹੀ ਆਤਮਾ ਦੇ ਹਰ ਰੋਗ ਦੀ ਅਚੂਕ ਦਵਾਈ ਹੈ: ਨਵਜੀਤ ਭਾਰਦਵਾਜ
Publish Date: Sat, 31 Oct 2026 06:45 PM (IST)
Updated Date: Sun, 01 Nov 2026 04:03 AM (IST)
ਸ਼ੈਲੀ, ਪੰਜਾਬੀ ਜਾਗਰਣ ਜਲੰਧਰ : ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ, ਲੰਮਾ ਪਿੰਡ ਚੌਕ, ਜਲੰਧਰ ਵਿਖੇ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦੇ ਸਾਮੂਹਿਕ ਨਿਸ਼ੁਲਕ ਦਿਵਯ ਹਵਨ ਯੱਗ ਦਾ ਆਯੋਜਨ ਮੰਦਰ ਕੰਪਲੈਕਸ ’ਚ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਸਭ ਤੋਂ ਪਹਿਲਾਂ ਬ੍ਰਾਹਮਣਾਂ ਵੱਲੋਂ ਮੁੱਖ ਯਜਮਾਨ ਤਰੁਣ ਸਿੱਕਾ ਤੇ ਉਨ੍ਹਾਂ ਦੇ ਪਰਿਵਾਰ ਤੋਂ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਸ਼ੋਡਸ਼ੋਪਚਾਰ ਪੂਜਨ ਤੇ ਨਵਗ੍ਰਹਿ ਪੂਜਨ ਕਰਵਾਇਆ ਗਿਆ। ਇਸ ਉਪਰੰਤ ਪਰਿਵਾਰ ਸਮੇਤ ਹਵਨ ਯੱਗ ’ਚ ਆਹੂਤੀਆਂ ਪਾਈਆਂ ਗਈਆਂ। ਸਿੱਧ ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ ਵਿਖੇ ਕਰਵਾਏ ਇਸ ਪਾਵਨ ਹਵਨ ਯੱਗ ਦੌਰਾਨ ਵੈਦਿਕ ਮੰਤਰਾਂ ਦੇ ਉਚਾਰਣ, ਯੱਗ ਕੁੰਡ ’ਚ ਪ੍ਰਜਵਲਿਤ ਪਵਿੱਤਰ ਅਗਨੀ ਤੇ ਸ਼ਰਧਾਲੂਆਂ ਵੱਲੋਂ ਪਾਈਆਂ ਗਈਆਂ ਆਹੂਤੀਆਂ ਨਾਲ ਸਮੁੱਚਾ ਵਾਤਾਵਰਣ ਭਗਤੀ ਤੇ ਅਧਿਆਤਮਕ ਊਰਜਾ ਨਾਲ ਭਰਪੂਰ ਹੋ ਗਿਆ। ਇਸ ਮੌਕੇ ਧਾਮ ਦੇ ਸੰਸਥਾਪਕ ਤੇ ਪ੍ਰਬੰਧਕ ਨਵਜੀਤ ਭਾਰਦਵਾਜ ਨੇ ਸੰਗਤ ਨੂੰ ਗੁਰਬਾਣੀ ਦੀਆਂ ਅਨਮੋਲ ਸਿੱਖਿਆਵਾਂ ਨਾਲ ਜੋੜਦਿਆਂ ਪ੍ਰਭਾਵਸ਼ਾਲੀ ਤੇ ਭਾਵਪੂਰਣ ਅਧਿਆਤਮਿਕ ਪ੍ਰਵਚਨ ਕੀਤਾ। ਉਨ੍ਹਾਂ ਗੁਰਬਾਣੀ ਦੀਆਂ ਪਾਵਨ ਪੰਕਤੀਆਂ: “ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੁ ਜੋਗੀ, ਦਾ ਭਾਵ ਅਰਥ ਸਮਝਾਉਂਦਿਆਂ ਕਿਹਾ ਕਿ ਗੁਰੂ ਮਹਾਰਾਜ ਦਾ ਇਹ ਸੰਦੇਸ਼ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਤੇ ਆਤਮ-ਚਿੰਤਨ ਕਰਨ ਦੀ ਪ੍ਰੇਰਣਾ ਦਿੰਦਾ ਹੈ। ਸੰਸਾਰ ’ਚ ਦਿਖਾਈ ਦੇਣ ਵਾਲਾ ਹਰ ਜੀਵ ਕਿਸੇ ਨਾ ਕਿਸੇ ਸਰੀਰਕ, ਮਾਨਸਿਕ ਜਾਂ ਅਧਿਆਤਮਿਕ ਵਿਕਾਰ ਤੋਂ ਪ੍ਰਭਾਵਿਤ ਹੈ ਪਰ ਸੱਚਾ ਸਤਿਗੁਰੂ ਮਾਇਆ, ਮੋਹ, ਹੰਕਾਰ ਤੇ ਸੰਸਾਰਕ ਵਿਕਾਰਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਦੀ ਜੋਤ ’ਚ ਲੀਨ ਰਹਿੰਦਾ ਹੈ। ਨਵਜੀਤ ਭਾਰਦਵਾਜ ਨੇ ਕਿਹਾ ਕਿ ਮਨੁੱਖ ਅਕਸਰ ਸਰੀਰਕ ਬਿਮਾਰੀਆਂ ਨੂੰ ਹੀ ਸਭ ਤੋਂ ਵੱਡੀ ਬਿਮਾਰੀ ਸਮਝਦਾ ਹੈ, ਜਦਕਿ ਆਤਮਾ ਨੂੰ ਕਮਜ਼ੋਰ ਕਰਨ ਵਾਲੇ ਅਸਲ ਰੋਗ ਹੰਕਾਰ, ਮੋਹ, ਲੋਭ, ਈਰਖਾ, ਤ੍ਰਿਸ਼ਨਾ ਤੇ ਅਗਿਆਨਤਾ ਹਨ। ਮਨੁੱਖ ਬਾਹਰੋਂ ਭਾਵੇਂ ਕਿੰਨਾ ਵੀ ਖੁਸ਼ ਦਿਖਾਈ ਦੇਵੇ ਪਰ ਜੇਕਰ ਉਸ ਦੇ ਮਨ ’ਚ ਚਿੰਤਾ, ਡਰ, ਲਾਲਚ ਤੇ ਦਵੈਸ਼ ਹੈ ਤਾਂ ਉਹ ਅਸਲ ਸੁੱਖ ਦਾ ਅਨੁਭਵ ਨਹੀਂ ਕਰ ਸਕਦਾ। ਅੱਜ ਮਨੁੱਖ ਸੰਸਾਰਕ ਸੁੱਖ-ਸਹੂਲਤਾਂ ਇਕੱਠੀਆਂ ਕਰਨ ’ਚ ਇੰਨਾ ਰੁੱਝ ਗਿਆ ਹੈ ਕਿ ਆਪਣੇ ਅੰਦਰਲੀ ਸ਼ਾਂਤੀ ਤੇ ਆਤਮਿਕ ਉੱਨਤੀ ਨੂੰ ਹੀ ਭੁੱਲ ਬੈਠਾ ਹੈ। ਉਨ੍ਹਾਂ ਨੇ ਸੰਗਤ ਨੂੰ ਸਮਝਾਇਆ ਕਿ ਸਤਿਗੁਰੂ ਨੂੰ ਰੋਗ ਰਹਿਤ ਇਸ ਲਈ ਕਿਹਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਮਨ ਨਿਰੰਤਰ ਪਰਮਾਤਮਾ ਦੀ ਜੋਤ ਨਾਲ ਜੁੜਿਆ ਰਹਿੰਦਾ ਹੈ। ਉਹ ਮਾਇਆ ਦੇ ਪ੍ਰਪੰਚ ਤੇ ਸੰਸਾਰਕ ਵਿਕਾਰਾਂ ਦੇ ਪ੍ਰਭਾਵ ਤੋਂ ਦੂਰ ਉੱਚੇ ਅਧਿਆਤਮਿਕ ਮੰਡਲ ’ਚ ਵਿਚਰਦੇ ਹਨ। ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਕੁਸ਼ਲ ਵੈਦ ਰੋਗੀ ਨੂੰ ਸਹੀ ਇਲਾਜ ਦੇ ਕੇ ਤੰਦਰੁਸਤੀ ਵੱਲ ਲੈ ਜਾਂਦਾ ਹੈ, ਉਸੇ ਤਰ੍ਹਾਂ ਸੱਚੇ ਸਤਿਗੁਰੂ ਦੀਆਂ ਸਿੱਖਿਆਵਾਂ ਮਨੁੱਖ ਨੂੰ ਜਨਮਾਂ-ਜਨਮਾਂਤਰਾਂ ਤੋਂ ਚੱਲੇ ਆ ਰਹੇ ਆਤਮਿਕ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਰਸਤਾ ਦਿਖਾਉਂਦੀਆਂ ਹਨ। ਗੁਰੂ ਦੀ ਸ਼ਰਨ ’ਚ ਜਾ ਕੇ ਜਦੋਂ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦਾ ਹੈ ਤਾਂ ਉਸ ਦੇ ਅੰਦਰ ਨਿਮਰਤਾ, ਪਿਆਰ, ਸੇਵਾ, ਸੰਤੋਖ ਤੇ ਪਰਉਪਕਾਰ ਵਰਗੇ ਦੈਵੀ ਗੁਣ ਪੈਦਾ ਹੋਣ ਲੱਗਦੇ ਹਨ। ਪ੍ਰਵਚਨ ਦੇ ਅੰਤ ’ਚ ਨਵਜੀਤ ਭਾਰਦਵਾਜ ਨੇ ਸੰਗਤ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਜੀਵਨ ਦੇ ਦੁੱਖਾਂ ਤੇ ਵਿਕਾਰਾਂ ਤੋਂ ਸਦਾ ਲਈ ਛੁਟਕਾਰਾ ਪਾਉਣਾ ਹੈ ਤਾਂ ਸੰਸਾਰ ਦੇ ਪਿੱਛੇ ਭੱਜਣਾ ਛੱਡ ਕੇ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ ਹੈ। ਪਰਮਾਤਮਾ ਦਾ ਨਾਮ ਹੀ ਉਹ ਅੰਮ੍ਰਿਤ ਹੈ ਜੋ ਆਤਮਾ ਦੇ ਹਰ ਰੋਗ ਨੂੰ ਦੂਰ ਕਰਕੇ ਜੀਵਨ ਨੂੰ ਆਨੰਦ ਨਾਲ ਭਰ ਦਿੰਦਾ ਹੈ। ਇਸ ਮੌਕੇ ਸ਼ਵੇਤਾ ਭਾਰਦਵਾਜ, ਰਾਕੇਸ਼ ਪ੍ਰਭਾਕਰ, ਪੂਨਮ ਪ੍ਰਭਾਕਰ, ਸਮੀਰ ਕਪੂਰ, ਵਿੱਕੀ ਅਗਰਵਾਲ, ਅਮਰੇਂਦਰ ਕੁਮਾਰ ਸ਼ਰਮਾ, ਰੋਹਿਤ ਭਾਟੀਆ, ਰਿਸ਼ਭ ਕਾਲੀਆ, ਸੁਮੀਤ, ਮਨੀਸ਼ ਸ਼ਰਮਾ, ਦਾਨਿਸ਼, ਰਿਤੂ, ਕੁਮਾਰ, ਗੌਰੀ ਕੇਤਨ ਸ਼ਰਮਾ, ਸੌਰਭ, ਸ਼ੰਕਰ, ਸੰਦੀਪ, ਰਿੰਕੂ, ਪ੍ਰਦੀਪ ਵਰਮਾ, ਗੌਰਵ ਗੋਇਲ, ਮਨੀ, ਨਰੇਸ਼, ਅਜੈ ਸ਼ਰਮਾ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਵਰੁਣ, ਨਿਤੀਸ਼, ਵਿਸ਼ਾਲ, ਰਵੀ ਭੱਲਾ, ਭੋਲਾ ਸ਼ਰਮਾ, ਜਗਦੀਸ਼, ਨਿਰਮਲ, ਅਨਿਲ, ਸਾਗਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਹਵਨ ਯੱਗ ਦੀ ਸਮਾਪਤੀ ਉਪਰੰਤ ਸੰਗਤ ਲਈ ਲੰਗਰ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ।