- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਸਾਲ ਪਹਿਲਾਂ ਵਿਆਹੀ ਔਰਤ ਦੀ ਸੱਸ ਸਹੁਰੇ ਤੇ ਰਿਸ਼ਤੇਦਾਰਾਂ ਨੇ ਕੀਤਾ ਹਮਲਾ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇੱਕ ਅਧੀਨ ਆਉਂਦੇ ਖੇਤਰ ਆਨੰਦ ਨਗਰ ਮਕਸੂਦਾਂ ਵਿੱਚ ਇੱਕ ਸਾਲ ਪਹਿਲਾਂ ਵਿਆਹ ਕੇ ਆਈ ਔਰਤ ’ਤੇ ਸੱਸ, ਸਹੁਰੇ ਅਤੇ ਉਸਦੇ ਹੋਰ ਰਿਸ਼ਤੇਦਾਰਾਂ ਵੱਲੋਂ ਹਮਲਾ ਕਰਨ ਉਪਰੰਤ ਘਬਰਾਹਟ ਵਿਚ ਔਰਤ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਜ਼ਹਿਰੀਲੀ ਵਸਤੂ ਨਿਗਲਣ ਵਾਲੀ ਔਰਤ ਮਨਦੀਪ ਕੌਰ ਪਤਨੀ ਮਨਿੰਦਰ ਸਿੰਘ ਦੇ ਭਰਾ ਜਗਜੀਤ ਸਿੰਘ ਵਾਸੀ ਕੋਟ ਕਪੂਰਾ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਪੂਰੀ ਸ਼ਾਨੋਂ-ਸ਼ੌਕਤ ਨਾਲ ਆਪਣੀ ਭੈਣ ਦਾ ਵਿਆਹ ਮਨਿੰਦਰ ਸਿੰਘ ਨਾਲ ਕੀਤਾ ਸੀ ਪਰ ਵਿਆਹ ਤੋਂ 20 ਦਿਨ ਬਾਅਦ ਹੀ ਮਨਿੰਦਰ ਸਿੰਘ ਉਸ ਨੂੰ ਆਪਣੇ ਸਹੁਰੇ ਘਰ ਛੱਡ ਕੇ ਵਾਪਸ ਆਸਟ੍ਰੇਲੀਆ ਚਲਾ ਗਿਆ ਸੀ ਤਾਂ ਪਿੱਛੋਂ ਬੀਐੱਸਐੱਫ ’ਚੋਂ ਐੱਸਪੀ ਦੇ ਆਹੁਦੇ ਤੋਂ ਸੇਵਾਮੁਕਤ ਹੋਏ ਮਨਿੰਦਰ ਸਿੰਘ ਦੇ ਪਿਤਾ ਮੱਖਣ ਸਿੰਘ ਅਤੇ ਮਾਂ ਜਸਵੰਤ ਕੌਰ ਵੱਲੋਂ ਉਨ੍ਹਾਂ ਦੀ ਭੈਣ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਦੌਰਾਨ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇਣ ’ਤੇ ਉਸ ਦੇ ਸਹੁਰੇ ਮੱਖਣ ਸਿੰਘ ਅਤੇ ਸੱਸ ਜਸਵੰਤ ਕੌਰ ’ਤੇ ਕੇਸ ਦਰਜ ਹੋਇਆ ਸੀ, ਜੋ ਜ਼ਮਾਨਤ ਉਪਰੰਤ ਵਿਦੇਸ਼ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸ ਦੇ ਸਹੁਰੇ ਨੇ ਉਸ ਨੂੰ ਟੈਲੀਫੋਨ ਕਰ ਕੇ ਕਿਹਾ ਸੀ ਤੇ ਉਹ ਆਨੰਦ ਨਗਰ ਜਾਣਗੇ ਤਾਂ ਤੁਸੀਂ ਆਪਣਾ ਬੰਦੋਬਸਤ ਕਰ ਲਓ। ਮਨਦੀਪ ਕੌਰ ਦੇ ਭਰਾ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਆਸ ਪਾਸ ਤੋਂ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਹੁਰਾ, ਮਾਂ, ਭੂਆ, ਮਾਮੀ, ਮਾਸੀ, ਮਾਸੜ, ਚਾਚਾ, ਸਹੁਰਾ ਅਤੇ ਹੋਰ ਵਿਅਕਤੀ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਆਏ ਅਤੇ ਉਸ ਦੀ ਭੈਣ ਅਤੇ ਮਾਂ ਨਾਲ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਭੈਣ ਦੀ ਕੁੱਟਮਾਰ ਕੀਤੀ। ਜਿਸ ਉਪਰੰਤ ਉਸਦੀ ਭੈਣ ਵੱਲੋਂ ਮੌਕੇ ’ਤੇ ਪੁਲਿਸ ਬੁਲਾਉਣ ਦੌਰਾਨ ਉਹ ਵਾਪਸ ਚਲੇ ਗਏ। ਪਰ ਮੁੜ ਦੁਬਾਰਾ ਉਹ ਕੰਧਾ ਟੱਪ ਕੇ ਘਰ ਅੰਦਰ ਦਾਖਲ ਹੋਏ। ਜਿਨਾਂ ਵੱਲੋਂ ਘਰ ਵਿੱਚ ਦਾਖਲ ਹੁੰਦਿਆਂ ਸਾਰ ਹੀ ਸਬੂਤ ਮਿਟਾਉਣ ਲਈ ਉੱਥੇ ਲੱਗੇ ਹੋਏ ਸੀਸੀਟੀਵੀ ਕੈਮਰੇ ਤੋੜੇ ਤੇ ਫਿਰ ਉਸ ਦਾ ਸਾਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਭੈਣ ਮਨਦੀਪ ਕੌਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਲੋਕਾਂ ਵੱਲੋਂ ਪਹਿਲਾਂ ਉਸ ਨੂੰ ਨਜ਼ਦੀਕ ਪ੍ਰਸਿੱਧ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਥੇ ਉਸ ਦੀ ਹਾਲਤ ਨਾਜਕ ਹੋਣ ਕਰਕੇ ਡਾਕਟਰਾਂ ਵੱਲੋਂ ਉਸ ਨੂੰ ਕਿਸੇ ਹੋਰ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਮਨਦੀਪ ਕੌਰ ਦੇ ਭਰਾ ਜਗਜੀਤ ਸਿੰਘ ਨੇ ਦੱਸਿਆ ਕਿ ਸਵਾ ਸਾਲ ਪਹਿਲਾਂ ਵਿਦੇਸ਼ ਤੋਂ ਆਏ ਮਨਿੰਦਰ ਸਿੰਘ ਵੱਲੋਂ ਵਿਦੇਸ਼ ਵਿਖੇ ਇੱਕ ਵਿਆਹ ਕੀਤੇ ਹੋਣ ਦੇ ਬਾਵਜੂਦ ਵੀ ਇੱਥੇ ਧੋਖੇ ਨਾਲ ਦੂਜਾ ਵਿਆਹ ਕਰਵਾ ਕੇ 20 ਦਿਨ ਬਾਅਦ ਹੀ ਵਿਦੇਸ਼ ਚਲਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਸਹੁਰੇ ਮੱਖਣ ਸਿੰਘ ਅਤੇ ਸੱਸ ਜਸਵੰਤ ਕੌਰ ਨੂੰ ਕਾਬੂ ਕੀਤਾ ਗਿਆ ਗਿਆ ਹੈ ਪਰ ਪੁਲਿਸ ਵੱਲੋਂ ਅਜਿਹੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਥਾਣਾ ਇੱਕ ਦੇ ਥਾਣੇਦਾਰ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।