ਜਲੰਧਰ ਦੇ ਡੀਸੀ ਪਾਰਕ ’ਚ ਫਿੱਟ ਸੈਂਟਰਲ ਦੀਆਂ ਕੰਧਾਂ ਦਾ ਉਦਘਾਟਨ ਖੇਡਾਂ, ਤੰਦਰੁਸਤੀ ਅਤੇ ਨਾਗਰਿਕ ਮਾਣ ਨੂੰ ਉਤਸ਼ਾਹਿਤ ਕਰਨ ਲਈ ਜਲੰਧਰ ਦੇ ਡੀਸੀ ਪਾਰਕ ਵਿਖੇ ਫਿਟ ਸੈਂਟਰਲ ਦੀਆਂ ਕੰਧਾਂ ਦਾ ਉਦਘਾਟਨ
Publish Date: Wed, 28 Oct 2026 09:16 PM (IST)
Updated Date: Wed, 28 Oct 2026 09:19 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਬਰਲਟਨ ਪਾਰਕ ਵਿਖੇ ਚੱਲ ਰਹੀ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਵਿਚਕਾਰ, ਡੀਸੀ ਪਾਰਕ ਵਿਖੇ ਫਿਟ ਸੈਂਟਰਲ ਦੀਆਂ ਕੰਧਾਂ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨ ਸਮਾਗਮ ਵਿੱਚ ਖੇਡ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਹਾਕੀ ਜਗਤ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਜੋ ਖੇਡਾਂ, ਤੰਦਰੁਸਤੀ ਅਤੇ ਨਾਗਰਿਕ ਮਾਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਹ ਪਹਿਲ ਫਿਟ ਸੈਂਟਰਲ ਮੁਹਿੰਮ ਦਾ ਹਿੱਸਾ ਹੈ, ਜਿਸ ਦੀ ਅਗਵਾਈ ਨਿਤਿਨ ਕੋਹਲੀ, ਪ੍ਰਧਾਨ ਹਾਕੀ ਪੰਜਾਬ, ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਹਾਕੀ ਇੰਡੀਆ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਵੱਲੋਂ ਕੀਤੀ ਜਾ ਰਹੀ ਹੈ। ਇਸ ਉਦਘਾਟਨ ਸਮਾਗਮ ਵਿੱਚ ਏਸ਼ੀਅਨ ਹਾਕੀ ਫੈੱਡਰੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਭੋਲਾ ਨਾਥ ਸਿੰਘ, ਭਾਰਤੀ ਟੀਮ ਦੇ ਮੁੱਖ ਚੋਣਕਾਰ ਆਰਪੀ ਸਿੰਘ, ਹਾਕੀ ਇੰਡੀਆ ਦੇ ਖਜ਼ਾਨਚੀ ਸੇਕਰ ਅਤੇ ਹਾਕੀ ਇੰਡੀਆ ਦੇ ਸੀਈਓ ਕਮਾਂਡਰ ਆਰਕੇ ਸ਼੍ਰੀਵਾਸਤਵ ਨੇ ਸ਼ਿਰਕਤ ਕੀਤੀ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਫਿਟ ਸੈਂਟਰਲ ਅਜਿਹਾ ਸੱਭਿਆਚਾਰ ਸਿਰਜਣ ਬਾਰੇ ਹੈ, ਜਿੱਥੇ ਤੰਦਰੁਸਤੀ ਅਤੇ ਖੇਡਾਂ ਰੋਜ਼ਾਨਾ ਜੀਵਨ ਦਾ ਹਿੱਸਾ ਬਣਨ। ਸਾਡਾ ਉਦੇਸ਼ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਨਾ ਹੈ ਕਿ ਉਹ ਖੇਡਾਂ ਨੂੰ ਸਿਰਫ਼ ਮੁਕਾਬਲੇ ਵਾਲੀ ਸਰਗਰਮੀ ਵਜੋਂ ਨਹੀਂ, ਸਗੋਂ ਜੀਵਨ ਜਿਊਣ ਦੇ ਇੱਕ ਢੰਗ ਵਜੋਂ ਦੇਖਣ। ਉਨ੍ਹਾਂ ਕਿਹਾ ਕਿ ਜਲੰਧਰ ਦੀ ਖੇਡਾਂ ਵਿੱਚ, ਖ਼ਾਸ ਕਰ ਕੇ ਹਾਕੀ ਵਿੱਚ, ਇੱਕ ਮਾਣਮੱਤੀ ਵਿਰਾਸਤ ਰਹੀ ਹੈ। ਇਸ ਵਿਰਾਸਤ ਨੂੰ ਅਗਲੀ ਪੀੜ੍ਹੀ ਲਈ ਪ੍ਰੇਰਨਾ ਬਣਨਾ ਚਾਹੀਦਾ ਹੈ, ਤਾਂ ਜੋ ਨੌਜਵਾਨ ਖੇਡਾਂ ਨੂੰ ਅਪਣਾਉਣ, ਸਰੀਰਕ ਤੌਰ ’ਤੇ ਸਰਗਰਮ ਰਹਿਣ ਅਤੇ ਅਨੁਸ਼ਾਸਨ, ਟੀਮ ਵਰਕ ਤੇ ਦ੍ਰਿੜ੍ਹਤਾ ਵਰਗੇ ਗੁਣ ਵਿਕਸਿਤ ਕਰਨ। ਮੌਜੂਦ ਪਤਵੰਤਿਆਂ ਨੇ ਕਿਹਾ ਕਿ ਇਹ ਉਦਘਾਟਨ ਜਲੰਧਰ ਨੂੰ ਅਜਿਹਾ ਸ਼ਹਿਰ ਬਣਾਉਣ ਦੇ ਵਿਆਪਕ ਦ੍ਰਿਸ਼ਟੀਕੋਣ ਵੱਲ ਇੱਕ ਹੋਰ ਕਦਮ ਹੈ, ਜਿੱਥੇ ਖੇਡ ਸੱਭਿਆਚਾਰ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਤੱਕ ਸੀਮਿਤ ਨਾ ਰਹੇ, ਸਗੋਂ ਜਨਤਕ ਥਾਵਾਂ ਅਤੇ ਰੋਜ਼ਾਨਾ ਦੇ ਭਾਈਚਾਰਕ ਜੀਵਨ ਦਾ ਵੀ ਹਿੱਸਾ ਬਣੇ। ਇਸ ਸਮਾਗਮ ਵਿੱਚ ਪ੍ਰਸਿੱਧ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਸ਼ਿਵਮ ਸ਼ਰਮਾ, ਨਰੇਸ਼ ਸ਼ਰਮਾ, ਅਜੇ ਚੋਪੜਾ, ਤਰੁਣ ਸਿੱਕਾ, ਧੀਰਜ ਸੇਠ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਾ. ਅਮਿਤ, ਜਸਵਿੰਦਰ ਸਿੰਘ, ਤ੍ਰਿਲੋਕ ਸਰਾਂ, ਅਰੁਣ ਸੈਣੀ, ਮਨੀਸ਼ ਸ਼ਰਮਾ, ਬਲਵਿੰਦਰ ਸ਼ਮੀ, ਓਲੰਪੀਅਨ ਪੁਰੀ ਅਤੇ ਪੰਨੂ ਸ਼ਾਮਲ ਸਨ।