ਸੀਐੱਮ ਮਾਨ ਨੇ ਕੀਤਾ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦਾ ਆਗਾਜ਼ ਸੀਐੱਮ ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦਾ ਕੀਤਾ ਸ਼ਾਨਦਾਰ ਆਗਾਜ਼
Publish Date: Tue, 27 Oct 2026 08:39 PM (IST)
Updated Date: Wed, 28 Oct 2026 04:08 AM (IST)
- ਖਿਡਾਰੀਆਂ ਦਾ ਘਰੇਲੂ ਮੈਦਾਨ ਤੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਹੋਇਆ ਪੂਰਾ - ਜਲੰਧਰ ਚ ਲੀਗ ਮੈਚ ਤੇ ਮੋਹਾਲੀ ਚ ਖੇਡੇ ਜਾਣਗੇ ਸੈਮੀਫਾਈਨਲ ਤੇ ਫਾਈਨਲ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਪੰਜਾਬ ਦੇ ਖੇਡ ਇਤਿਹਾਸ ’ਚ ਅੱਜ ਇਕ ਨਵਾਂ ਤੇ ਸੁਨਹਿਰੀ ਅਧਿਆਏ ਜੁੜ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ 2026 ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਆਪਣੇ ਘਰੇਲੂ ਮੈਦਾਨ ਤੇ ਅੰਤਰਰਾਸ਼ਟਰੀ ਮੁਕਾਬਲੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋਇਆ ਹੈ। ਟੂਰਨਾਮੈਂਟ ’ਚ ਹਿੱਸਾ ਲੈ ਰਹੀਆਂ 6 ਏਸ਼ੀਆਈ ਟੀਮਾਂ (ਭਾਰਤ, ਬੰਗਲਾਦੇਸ਼, ਚੀਨ, ਜਾਪਾਨ, ਕੋਰੀਆ ਤੇ ਮਲੇਸ਼ੀਆ) ਦੇ ਕਪਤਾਨਾਂ ਦਾ ਸਨਮਾਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਟੂਰਨਾਮੈਂਟ ਦੇ ਸਾਰੇ ਲੀਗ ਮੈਚ ਜਲੰਧਰ ਵਿਖੇ ਖੇਡੇ ਜਾਣਗੇ, ਜਦਕਿ ਸੈਮੀਫਾਈਨਲ ਤੇ ਫਾਈਨਲ ਮੈਚ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ’ਚ ਹੋਣਗੇ। ਉਨ੍ਹਾਂ ਕਿਹਾ ਕਿ 2030 ਦੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ। ਖੇਡ ਪ੍ਰੇਮੀਆਂ, ਓਲੰਪੀਅਨਾਂ ਤੇ ਫਰਾਂਸ, ਐੱਫਆਈਐੱਚ ਤੇ ਹਾਕੀ ਇੰਡੀਆ ਦੇ ਅਹੁਦੇਦਾਰਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਹਾਕੀ ਦਾ ਰਿਸ਼ਤਾ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ, ਸਗੋਂ ਇਹ ਜਜ਼ਬੇ, ਕੁਰਬਾਨੀ ਤੇ ਅਨੁਸ਼ਾਸਨ ਦੀ ਮਿਸਾਲ ਹੈ। 1928 ਅਮਸਟਰਡਮ ਓਲੰਪਿਕ ਤੋਂ ਲੈ ਕੇ 2024 ਪੈਰਿਸ ਓਲੰਪਿਕ ਤੱਕ, ਪੰਜਾਬ ਨੇ ਦੇਸ਼ ਨੂੰ 77 ਹਾਕੀ ਓਲੰਪੀਅਨ ਦਿੱਤੇ ਹਨ, ਜਿਨ੍ਹਾਂ ’ਚੋਂ 48 ਖਿਡਾਰੀਆਂ ਨੇ ਓਲੰਪਿਕ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਉਨ੍ਹਾਂ ਮਹਾਨ ਹਾਕੀ ਖਿਡਾਰੀਆਂ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ, ਸੁਰਜੀਤ ਸਿੰਘ ਤੇ ਪਰਗਟ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ। ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਸਣੇ 8 ਖਿਡਾਰੀ ਪੰਜਾਬ ਨਾਲ ਸਬੰਧਤ : ਸੀਐੱਮ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ 8 ਖਿਡਾਰੀ ਪੰਜਾਬ ਨਾਲ ਸਬੰਧਤ ਹਨ, ਜੋ ਸੂਬੇ ਦੀ ਨਿਰੰਤਰ ਲੀਡਰਸ਼ਿਪ ਦਾ ਪ੍ਰਤੀਕ ਹੈ। ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ’ਚ 6 ਨਵੇਂ ਐਸਟਰੋ-ਟਰਫ਼ ਹਾਕੀ ਮੈਦਾਨ ਤਿਆਰ ਕੀਤੇ ਗਏ ਹਨ, 2 ਹੋਰ ਬਣ ਰਹੇ ਹਨ ਤੇ 18 ਛੋਟੇ ਐਸਟਰੋ-ਟਰਫ਼ ਮੈਦਾਨ ਵਿਕਸਤ ਕੀਤੇ ਗਏ ਹਨ। ਸਾਲ 2023 ਦੀ ਨਵੀਂ ਖੇਡ ਨੀਤੀ ਤਹਿਤ ਖੇਡਾਂ ਲਈ 1,744 ਕਰੋੜ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਸ ਵੱਡੇ ਅੰਤਰਰਾਸ਼ਟਰੀ ਆਯੋਜਨ ਨਾਲ ਰਾਜ ’ਚ ਖੇਡ ਸੈਰ-ਸਪਾਟਾ, ਹੋਟਲ ਉਦਯੋਗ ਤੇ ਖੇਡਾਂ ਦੇ ਸਮਾਨ ਬਣਾਉਣ ਵਾਲੀ ਇੰਡਸਟਰੀ ਨੂੰ ਵੱਡਾ ਹੁੰਗਾਰਾ ਮਿਲੇਗਾ। ਇਸ ਉਦਘਾਟਨੀ ਸਮਾਰੋਹ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ, ਈਸ਼ਾਨ ਚੱਬੇਵਾਲ, ਖੇਡ ਸਕੱਤਰ ਵਰੁਣ ਰੂਜ਼ਮ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।