ਪੰਜਾਬ ’ਚ ਉੱਡੀਆਂ ਪੰਜਾਬੀ ਮਾਂ ਬੋਲੀ ਦੀਆਂ ਧੱਜੀਆਂ ਪੰਜਾਬ ’ਚ ਉੱਡੀਆਂ ਪੰਜਾਬੀ ਮਾਂ ਬੋਲੀ ਦੀਆਂ ਧੱਜੀਆਂ
Publish Date: Mon, 26 Oct 2026 10:20 PM (IST)
Updated Date: Tue, 27 Oct 2026 04:05 AM (IST)
ਸੁਰਜੀਤ ਹਾਕੀ ਸਟੇਡੀਅਮ ’ਚ ਲੱਗੇ ਸਾਈਨ ਬੋਰਡਾਂ ’ਚ ਗਲਤੀਆਂ ਦੀ ਭਰਮਾਰ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ ਪੰਜਾਬ ’ਚ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦਾ ਆਗਾਜ਼ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ’ਚ ਬਹੁਤ ਹੀ ਜੋਸ਼ੋ ਖਰੋਸ਼ ਦੇ ਨਾਲ ਹੋਣ ਜਾ ਰਿਹਾ ਹੈ। ਖੇਡ ਪ੍ਰੇਮੀਆਂ ਖਾਸ ਕਰ ਹਾਕੀ ਪ੍ਰੇਮੀਆਂ ’ਚ ਇਸ ਚੈਂਪੀਅਨਸ਼ਿਪ ਨੂੰ ਲੈ ਕੇ ਬੇਹੱਦ ਉਤਸ਼ਾਹ ਹੈ। ਹਾਕੀ ਇੰਡੀਆ ਤੇ ਪੰਜਾਬ ਸਰਕਾਰ ਵੱਲੋਂ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਆਜ਼ਾਦੀ ਤੋਂ ਬਾਅਦ ਪੰਜਾਬ ’ਚ ਪਹਿਲੀ ਵਾਰ ਹੋਣ ਜਾ ਰਹੀ ਹਾਕੀ ਨੂੰ ਲੈ ਕੇ ਜਿੱਥੇ ਉੱਚ ਪੱਧਰੀ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਪੰਜਾਬੀ ਮਾਂ ਬੋਲੀ ਦੀ ਦੁਰਦਸ਼ਾ ਵੀ ਦੇਖਣ ਨੂੰ ਮਿਲ ਰਹੀ ਹੈ। ਸਟੇਡੀਅਮ ਦੇ ਅੰਦਰ ਲੱਗੇ ਪੰਜਾਬੀ ਤੇ ਅੰਗਰੇਜ਼ੀ ’ਚ ਲੱਗੇ ਸਾਈਨ ਬੋਰਡਾਂ ’ਚ ਪੰਜਾਬੀ ਬੋਲੀ ਦੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦੇ ਅਰਥਾਂ ਦੇ ਅਨਰਥ ਹੋ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ’ਚ ਹਰ ਵਿਅਕਤੀ ਸ਼ੁੱਧ ਪੰਜਾਬੀ ਬੋਲਣ ਪੜ੍ਹਨ ਤੇ ਲਿਖਣ ਦੀ ਕਾਬਲੀਅਤ ਰੱਖਦਾ ਹੈ ਪਰ ਇਸ ਵੱਲ ਨਾ ਤਾਂ ਪੰਜਾਬ ਸਰਕਾਰ ਦਾ ਧਿਆਨ ਗਿਆ ਹੈ ਤੇ ਨਾ ਹੀ ਜਲੰਧਰ ਦੇ ਜ਼ਿਲਾ ਪ੍ਰਸ਼ਾਸਨ ਦਾ। ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਪੰਜਾਬੀ ਨੂੰ ਤਰਜੀਹ ਦੇਣ ਲਈ ਇਸ ਨੂੰ ਅੰਗਰੇਜ਼ੀ ਤੋਂ ਉੱਪਰ ਰੱਖਿਆ ਗਿਆ ਹੈ ਪਰ ਗਲਤੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਸਬੰਧ ’ਚ ਕਿਸੇ ਸਰਕਾਰੀ ਨੁਮਾਇੰਦੇ ਜਾਂ ਅਫਸਰ ਦਾ ਤੇ ਨਾ ਹੀ ਕਿਸੇ ਸਿਆਸੀ ਆਗੂ ਦਾ ਧਿਆਨ ਗਿਆ ਹੈ। ਹਾਕੀ ਇੰਡੀਆ ਦੇ ਮੀਤ ਪ੍ਰਧਾਨ ਅਤੇ ਪੰਜਾਬ ਹਾਕੀ ਦੇ ਪ੍ਰਧਾਨ ਨਿਤਿਨ ਕੋਹਲੀ, ਜੋ ਕਿ ਜਲੰਧਰ ਸ਼ਹਿਰ ਦੇ ਸੈਂਟਰਲ ਹਲਕੇ ਦੇ ਇੰਚਾਰਜ ਵੀ ਹਨ, ਮੌਜੂਦਗੀ ’ਚ ਇਹ ਸਾਈਨ ਬੋਰਡ ਲਾਏ ਗਏ ਹਨ, ਜੋ ਕਿ ਪੰਜਾਬੀ ਭਾਸ਼ਾ ਦੀ ਦੁਰਦਸ਼ਾ ਦੀ ਬਿਆਨੀ ਕਰਦੇ ਹਨ। ਸੂਤਰਾਂ ਮੁਤਾਬਕ ਮੀਡੀਆ ਅੰਦਰ ਲਾਏ ਗਏ ਸਾਰੇ ਹੀ ਸਾਈਨ ਬੋਰਡਾਂ ਦਾ ਠੇਕਾ ਹਾਕੀ ਇੰਡੀਆ ਵੱਲੋਂ ਜਿਸ ਕੰਪਨੀ ਨੂੰ ਦਿੱਤਾ ਗਿਆ ਹੈ, ਉਨ੍ਹਾਂ ਸਿਰਫ ਗੂਗਲ ਟਰਾਂਸਲੇਟਰ ਦਾ ਸਹਾਰਾ ਲੈ ਕੇ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ, ਜੋ ਕਿ ਗਲਤੀਆਂ ਨਾਲ ਭਰਪੂਰ ਹੈ ਪਰ ਇਸ ਈਵੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੱਬਾਂ ਭਾਰ ਹੋਏ ਖੇਡ ਵਿਭਾਗ ਵੱਲੋਂ ਵੀ ਧਿਆਨ ਨਹੀਂ ਗਿਆ, ਜੋ ਬਹੁਤ ਹੀ ਮੰਦਭਾਗਾ ਹੈ।