ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਜਲੰਧਰ ਵਿਚ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ
Publish Date: Mon, 26 Oct 2026 08:45 PM (IST)
Updated Date: Tue, 27 Oct 2026 04:04 AM (IST)
ਸੁੰਦਰ ਲਾਈਟਿੰਗ ਨਾਲ ਜਗਮਗਾਏ ਮੰਦਰ, ਸ਼ਰਧਾਲੂਆਂ ਨੇ ਕੀਤੀ ਦੀਪਮਾਲਾ ਮੰਦਰਾਂ ’ਚ ਭਜਨ-ਕੀਰਤਨ ਤੇ ਲੰਗਰਾਂ ਦਾ ਆਯੋਜਨ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੇ ਹੀ ਸ਼ਰਧਾ ਤੇ ਉਤਸਾਹ ਨਾਲ ਵੱਖ ਵੱਖ ਭਗਵਾਨ ਵਾਲਮੀਕਿ ਮੰਦਰਾਂ ’ਚ ਮਨਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਨੇ ਮੰਦਰਾਂ ’ਚ ਨਤਮਸਤਕ ਹੋਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲਿਆ। ਇਸ ਸ਼ੁੱਭ ਮੌਕੇ ਸ਼ਹਿਰ ਦੇ ਵੱਖ-ਵੱਖ ਭਗਵਾਨ ਵਾਲਮੀਕਿ ਜੀ ਮੰਦਰਾਂ ਨੂੰ ਸੁੰਦਰ ਲਾਈਟਿਂਗ ਤੇ ਫੁੱਲਾਂ ਨਾਲ ਸਜਾਇਆ ਗਿਆ। ਮੰਦਰਾਂ ’ਚ ਸੰਕੀਰਰਨ ਤੇ ਧਾਰਮਿਕ ਸਮਾਗਮ ਹੋਏ। ਸਾਰਾ ਦਿਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਲੰਗਰ ਵੀ ਲਾਏ ਗਏ। ਦਿਨ ਢੱਲਦੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗਾ ਉੱਠੇ। ਸ਼ਰਧਾਲੂਆਂ ਨੇ ਆਪਣੇ ਘਰਾਂ ਦੇ ਬਾਹਰ ਦੀਪਮਾਲਾ ਕਰ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਰਾਤ ਸਮੇਂ ਵੀ ਮੰਦਰਾਂ ’ਚ ਸ਼ਰਧਾਲੂਆਂ ਦੀ ਭਾਰੀ ਆਮਦ ਰਹੀ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਭਜਨ-ਕੀਰਤਨ ਤੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ। ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਨਗਰ ਨੂੰ ਵੀ ਬੜੇ ਹੀ ਸੁੰਦਰ ਤੇ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ। ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਵੱਡੇ ਪੱਧਰ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਵਿੱਤਰ ਆਸ਼ਰਮ ਨੂੰ ਰੰਗ-ਬਿਰੰਗੀਆਂ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਗਿਆ। ਭਜਨ ਗਾਇਕਾਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵਿਪਨ ਸੱਭਰਵਾਲ, ਚੇਤਨ ਹਾਂਡਾ, ਸ਼ਸ਼ੀ ਸ਼ਰਮਾ ਤੇ ਸੰਦੀਪ ਰਹੇਜਾ ਲੱਕੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਪਵਿੱਤਰ ਰਾਮਾਇਣ ਰਾਹੀਂ ਸਮੁੱਚੇ ਵਿਸ਼ਵ ਨੂੰ ਅਨਮੋਲ ਦੇਣ ਦਿੱਤੀ ਹੈ। ਉਨ੍ਹਾਂ ਨੇ ਸਮਾਜ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਮਰਿਆਦਾ ਦੀ ਪਾਲਣਾ ਕਰਨ, ਧਰਮ ਤੇ ਅਧਿਆਤਮਿਕਤਾ ਦਾ ਪ੍ਰਚਾਰ ਕਰਨ ਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਹਿਰ ਦੇ ਕਈ ਨਾਮਵਰ ਪਤਵੰਤੇ ਪਹੁੰਚੇ ਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਮੰਦਰ ਵਿਖੇ ਦੀਪਮਾਲਾ ਕੀਤੀ ਗਈ। ਇਸੇ ਤਰ੍ਹਾਂ ਭਗਵਾਨ ਵਾਲਮੀਕਿ ਮੰਦਰ ਅਲੀ ਮੁਹੱਲਾ ਵਿਖੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ’ਚ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸ਼ਰਧਾਲੂਆਂ ਲਈ ਵੱਖ-ਵੱਖ ਪਕਵਾਨਾਂ ਦਾ ਲੰਗਰ ਲਾਇਆ ਗਿਆ। ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ, ਅਰਜੁਨ ਨਗਰ 40 ਕੁਆਰਟਰ ਵੱਲੋਂ ਵੀ ਸਮਾਗਮ ਕਰਵਾਇਆ ਗਿਆ। ਚੇਅਰਮੈਨ ਰਾਜ ਕੁਮਾਰ ਰਾਜੂ ਤੇ ਪ੍ਰਧਾਨ ਪੰਕਜ ਸਹੋਤਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਭਗਵਾਨ ਵਾਲਮੀਕਿ ਜੀ ਦੀ ਆਰਤੀ ਤੇ ਪੂਜਾ ਨਾਲ ਹੋਈ। ਇਸ ਤੋਂ ਪਹਿਲਾਂ ਸਵੇਰੇ ਹਵਨ-ਯੱਗ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਰਾਤ ਸਮੇਂ ਮੰਦਰ ’ਚ ਦੀਪਮਾਲਾ ਕੀਤੀ ਗਈ ਤੇ ਭਜਨ-ਕੀਰਤਨ ਹੋਇਆ। ਰਾਜ ਕੁਮਾਰ ਰਾਜੂ ਤੇ ਪੰਕਜ ਸਹੋਤਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਲਈ ਕੰਮ ਕਰਨ ਦੀ ਪ੍ਰੇਰਣਾ ਵੀ ਦਿੱਤੀ। ਸਮਾਗਮ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲੰਗਰ ਵਰਤਾਇਆ ਗਿਆ। ਇਸ ਮੌਕੇ ਚੇਅਰਮੈਨ ਰਾਜ ਕੁਮਾਰ ਰਾਜੂ, ਪ੍ਰਧਾਨ ਪੰਕਜ ਸਹੋਤਾ, ਭਾਰਤ ਭੂਸ਼ਣ ਗਿੱਲ, ਸੋਨੂੰ ਕੁਮਾਰ, ਕਾਲਾ ਰਾਮ, ਅਨਿਲ ਕੁਮਾਰ, ਰਿਚੀ ਭਾਟੀਆ, ਪੰਕੂ ਸਹੋਤਾ, ਗੌਤਮ ਭਾਟੀਆ, ਮਹਿਲਾ ਵਿੰਗ ਤੋਂ ਅੰਮ੍ਰਿਤਾ ਭਾਟੀਆ, ਸੁਮਨ ਸਹੋਤਾ, ਕਾਵਿਆ, ਤ੍ਰਿਪਤਾ ਸਹੋਤਾ, ਸਵਿਤਾ, ਸ਼ੀਲਾ ਦੇਵੀ, ਗੀਤਾ ਰਾਣੀ, ਆਰਤੀ ਖੋਸਲਾ, ਚੇਤਨਾ, ਰਾਜ ਕੁਮਾਰੀ ਅਡਿਵਾਲ, ਕਮਲੇਸ਼ ਕੁਮਾਰੀ, ਸਾਕਸ਼ੀ, ਪ੍ਰਤਿਭਾ ਤੇ ਰੋਜ਼ ਸਮੇਤ ਹੋਰ ਮੈਂਬਰ ਮੌਜੂਦ ਸਨ। ਇਸ ਤੋਂ ਇਲਾਵਾ ਰਸਤਾ ਮੁਹੱਲਾ, ਰੇਲਵੇ ਰੋਡ, ਬ੍ਰਾਂਡਰੇਥ ਰੋਡ, ਕਿਸ਼ਨਪੁਰਾ ਤੇ ਭਗਵਾਨ ਵਾਲਮੀਕਿ ਗੇਟ ਸਥਿਤ ਮੰਦਰਾਂ ’ਚ ਵੀ ਪ੍ਰਗਟ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।